ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਲਗਪਗ 54 ਸੰਸਦ ਮੈਂਬਰ ਮੰਗਲਵਾਰ ਤੇ ਬੁੱਧਵਾਰ ਨੂੰ ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਰਾਜ ਸਭਾ ਵਿੱਚ 33 ਸਾਲਾ ਲੰਮੀ ਸੰਸਦੀ ਪਾਰੀ ਵੀ 3 ਅਪਰੈਲ ਨੂੰ ਸਮਾਪਤ ਹੋ ਰਹੀ ਹੈ। ਉਨ੍ਹਾਂ ਦੀ ਸੇਵਾਮੁਕਤੀ ਦੇ ਨਾਲ ਹੀ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਹਿਲੀ ਵਾਰ ਸੰਸਦ ਦੇ ਉਪਰਲੇ ਸਦਨ ਵਿੱਚ ਪਹੁੰਚ ਜਾਣਗੇ। ਡਾ. ਮਨਮੋਹਨ ਸਿੰਘ ਕਈ ਦਲੇਰਾਨਾ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਲਈ ਜਾਣੇ ਜਾਂਦੇ ਹਨ। ਉਹ ਪਹਿਲੀ ਵਾਰ ਅਕਤੂਬਰ 1991 ਵਿੱਚ ਰਾਜ ਸਭਾ ਮੈਂਬਰ ਬਣੇ ਸਨ। ਉਹ ਪੀਵੀ ਨਰਸਿਮਹਾ ਰਾਓ ਦੀ ਸਰਕਾਰ ਦੌਰਾਨ 1991 ਤੋਂ 1996 ਤੱਕ ਵਿੱਤ ਮੰਤਰੀ ਅਤੇ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹੇ ਹਨ। ਇਹ ਸੀਟ 91 ਸਾਲਾ ਡਾ. ਮਨਮੋਹਨ ਸਿੰਘ ਦੇ 3 ਅਪਰੈਲ ਨੂੰ ਕਾਰਜਕਾਲ ਮੁਕੰਮਲ ਹੋਣ ਮਗਰੋਂ ਖ਼ਾਲੀ ਹੋ ਜਾਵੇਗੀ। ਡਾ. ਮਨਮੋਹਨ ਸਿੰਘ ਲੋਕ ਸਭਾ ਚੋਣਾਂ ਰਾਹੀਂ ਕਦੇ ਵੀ ਹੇਠਲੇ ਸਦਨ ਤੱਕ ਨਹੀਂ ਪੁੱਜੇ। ਉਨ੍ਹਾਂ ਦੱਖਣੀ ਦਿੱਲੀ ਸੰਸਦੀ ਹਲਕੇ ਤੋਂ 1999 ਵਿੱਚ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ ਪਰ ਉਹ ਭਾਜਪਾ ਉਮੀਦਵਾਰ ਵੀ ਕੇ ਮਲਹੋਤਰਾ ਤੋਂ ਹਾਰ ਗਏ ਸਨ। ਰਾਜ ਸਭਾ ਦੇ ਆਖ਼ਰੀ ਸੈਸ਼ਨ ਵਿੱਚ ਬਜ਼ੁਰਗ ਸੰਸਦ ਮੈਂਬਰ ਨੂੰ ਵਿਦਾਇਗੀ ਦੇਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਡਾ. ਮਨਮੋਹਨ ਸਿੰਘ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਸੀ। ਸੇਵਾਮੁਕਤ ਹੋਣ ਵਾਲੇ ਮੈਂਬਰਾਂ ਵਿੱਚ ਨੌਂ ਕੇਂਦਰੀ ਮੰਤਰੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਮਨਸੁਖ ਮਾਂਡਵੀਆ, ਧਰਮਿੰਦਰ ਪ੍ਰਧਾਨ, ਪੁਰਸ਼ੋਤਮ ਰੁਪਾਲਾ, ਰਾਜੀਵ ਚੰਦਰਸ਼ੇਖਰ, ਵੀ. ਮੁਰਲੀਧਰਨ, ਨਰਾਇਣ ਰਾਣੇ, ਐੱਲ. ਮੁਰੂਗਨ, ਭੁਪਿੰਦਰ ਯਾਦਵ ਤੇ ਅਸ਼ਵਨੀ ਵੈਸ਼ਨਵ ਸ਼ਾਮਲ ਹਨ।