ਪਟਿਆਲਾ : ਉੱਘੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੂੰ ਅੱਜ ਰਾਤ ਮੁਹਾਲੀ ਪੁਲੀਸ ਪਟਿਆਲਾ ਤੋਂ ਗ੍ਰਿਫ਼ਤਾਰ ਕਰਕੇ ਲੈ ਗਈ। ਉਹ ਇਥੇ ਆਪਣੇ ਛੋਟੇ ਭਰਾ ਪੱਤਰਕਾਰ ਰਣਜੀਤ ਸਿੰਘ ਗਰੇਵਾਲ ਦੇ ਘਰ ਸਨ। ਮੁਹਾਲੀ ਤੋਂ ਆਈ ਪੁਲੀਸ ਟੀਮ ਦੀ ਅਗਵਾਈ ਇੰਸਪੈਕਟਰ ਹਰਮਿੰਦਰ ਸਿੰਘ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮਾਲੀ ਨੂੰ ਮੁਹਾਲੀ ਵਿੱਚ ਆਈਟੀ ਐਕਟ ਅਧੀਨ ਦਰਜ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਕੁਝ ਸਾਲ ਪਹਿਲਾਂ ਪੰਜਾਬ ਦੇ ਸਿੱਖਿਆ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਸਨ। ਭਵਾਨੀਗੜ੍ਹ ਨੇੜਲੇ ਪਿੰਡ ਸਕਰੌਦੀ ਵਾਸੀ ਮਾਲੀ ਇਨ੍ਹੀਂ ਦਿਨੀਂ ਪਰਿਵਾਰ ਸਣੇ ਮੁਹਾਲੀ ਵਿੱਚ ਰਹਿੰਦੇ ਹਨ। ਉਹ ਅਕਸਰ ਹਕੂਮਤਾਂ ਦੀਆਂ ਕਮੀਆਂ ਪੇਸ਼ੀਆਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਉਭਾਰਦੇ ਰਹਿੰਦੇ ਹਨ। ਪਹਿਲਾਂ ਉਹ ਅਕਾਲੀ ਸਰਕਾਰ ਅਤੇ ਹੁਣ ‘ਆਪ’ ਸਰਕਾਰ ਬਾਰੇ ਵੀ ਸ਼ੋਸ਼ਲ ਮੀਡੀਆ ’ਤੇ ਪੋਸਟਾਂ ਪਾਉਂਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਮਾਲਵਿੰਦਰ ਮਾਲੀ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਪੀਏ ਸਨ। ਹੁਣ 17 ਸਤੰਬਰ ਨੂੰ ਉਨ੍ਹਾਂ ਨੇ ਮਰਹੂਮ ਟੌਹੜਾ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨੀ ਸੀ।
ਇਸੇ ਦੌਰਾਨ ਜਮਹੂਰੀ ਅਧਿਕਾਰ ਸਭਾ ਦੇ ਆਗੂ ਵਿਧੂ ਸ਼ੇਖਰ ਭਾਰਦਵਾਜ, ਰਮਿੰਦਰ ਸਿੰਘ, ਐਡਵੋਕੇਟ ਰਾਜੀਵ ਲੋਹਟਬੱਦੀ ਨੇ ਮਾਲੀ ਦੀ ਗ੍ਰਿਫ਼ਤਾਰੀ ਨੂੰ ਜਮਹੂਰੀਅਤ ਦਾ ਘਾਣ ਦੱਸਿਆ ਹੈ।