ਸ਼ੁੱਕਰਵਾਰ ਦੁਪਹਿਰ ਨੂੰ ਰਾਜਪੁਰਾ ਵਿੱਚ ਚੱਲਦੀ ਕਰਮਭੂਮੀ ਐਕਸਪ੍ਰੈਸ ਵਿੱਚ ਅਚਾਨਕ ਅੱਗ ਲੱਗ ਗਈ। ਇੰਜਣ ਨਾਲ ਜੁੜੇ ਜਨਰਲ ਡੱਬੇ ਵਿੱਚ ਅੱਗ ਭੜਕੀ ਅਤੇ ਵੇਖਦੇ ਹੀ ਵੇਖਦੇ ਚਾਰ ਜਨਰਲ ਡੱਬਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਨਾਲ ਯਾਤਰੀਆਂ ਵਿੱਚ ਕੁਰਲਾਹਲਟ ਮਚ ਗਈ। ਜਿਵੇਂ ਹੀ ਟ੍ਰੇਨ ਰੁਕੀ, ਯਾਤਰੀ ਟ੍ਰੇਨ ਤੋਂ ਉਤਰ ਗਏ ਅਤੇ ਆਪਣੀ ਜਾਨ ਬਚਾਉਣ ਲਈ ਖੇਤਾਂ ਵੱਲ ਭੱਜੇ। ਕਈ ਯਾਤਰੀਆਂ ਨੇ ਟ੍ਰੇਨ ਤੋਂ ਛਾਲ ਵੀ ਮਾਰ ਦਿੱਤੀ।
ਇਹ ਘਟਨਾ ਫਤਿਹਗੜ੍ਹ ਸਾਹਿਬ ਦੇ ਸਾਧੂਗੜ੍ਹ ਅਤੇ ਪਟਿਆਲਾ ਦੇ ਸਰਾਏ ਬੰਜਾਰਾ ਰੇਲਵੇ ਸਟੇਸ਼ਨ ਦੇ ਵਿਚਕਾਰ ਵਾਪਰੀ। ਸੂਚਨਾ ਮਿਲਣ ‘ਤੇ ਰੇਲਵੇ ਪ੍ਰਸ਼ਾਸਨ, ਫਾਇਰ ਵਿਭਾਗ ਅਤੇ ਬਚਾਅ ਟੀਮਾਂ ਨੂੰ ਅਲਰਟ ਕਰ ਦਿੱਤਾ ਗਿਆ।
ਰੇਲਵੇ ਮੁਤਾਬਕ ਟ੍ਰੇਨ ਨੰਬਰ 12508 ਕਰਮਭੂਮੀ ਐਕਸਪ੍ਰੈਸ ਅੰਮ੍ਰਿਤਸਰ ਤੋਂ ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਜਾ ਰਹੀ ਸੀ। ਇਹ ਹਾਦਸਾ ਦੁਪਹਿਰ 1:15 ਵਜੇ ਦੇ ਕਰੀਬ ਹੋਇਆ। ਸਰਕਾਰੀ ਰੇਲਵੇ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਕੋਚ ਦੇ ਪੱਖੇ ਵਿੱਚ ਸ਼ਾਰਟ ਸਰਕਟ ਕਾਰਨ ਵਾਪਰੀ, ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਕੋਈ ਜ਼ਖਮੀ ਨਹੀਂ ਹੋਇਆ।
ਉੱਤਰੀ ਰੇਲਵੇ ਦੇ ਸੀਪੀਆਰਓ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਸੇਫਟੀ ਸਿਸਟਮ ਦੇ ਸਰਗਰਮ ਹੋਣ ਤੋਂ ਬਾਅਦ ਟ੍ਰੇਨ ਨੂੰ ਸਰਾਏ ਬੰਜਾਰਾ ਸਟੇਸ਼ਨ ਦੇ ਨੇੜੇ ਸੁਰੱਖਿਅਤ ਰੋਕ ਦਿੱਤਾ ਗਿਆ। ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੀਨੀਅਰ ਰੇਲਵੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਤਾਜ਼ਾਖ਼ਬਰਾਂ
ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਇੱਕ ਕੋਚ ਦੇ ਪੱਖੇ ਵਿੱਚ ਸ਼ਾਰਟ ਸਰਕਟ ਕਾਰਨ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਅੱਗ ਪਹਿਲਾਂ ਇੱਕ ਕੋਚ ਦੇ ਅੰਦਰ ਲੱਗੀ ਅਤੇ ਫਿਰ ਦੂਜੇ ਕੋਚਾਂ ਵਿੱਚ ਫੈਲ ਗਈ।
ਕਰਮਭੂਮੀ ਐਕਸਪ੍ਰੈਸ ਵਿੱਚ ਅੱਗ ਲੱਗਣ ਤੋਂ ਬਾਅਦ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਨਤੀਜੇ ਵਜੋਂ ਰੇਲਵੇ ਨੇ ਅੱਠ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਹਨ। ਅੰਬਾਲਾ ਡਿਵੀਜ਼ਨ ਦੁਆਰਾ ਜਾਰੀ ਡਾਇਵਰਸ਼ਨ ਯੋਜਨਾ ਦੇ ਅਨੁਸਾਰ, ਪੰਜ ਹੇਠਾਂ ਵੱਲ ਅਤੇ ਤਿੰਨ ਉੱਪਰ ਵੱਲ ਰੇਲ ਗੱਡੀਆਂ ਨੂੰ ਵਿਕਲਪਿਕ ਰੂਟਾਂ ਰਾਹੀਂ ਡਾਇਵਰਟ ਕੀਤਾ ਗਿਆ।














