ਚੰਡੀਗੜ੍ਹ: ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਅੱਤਵਾਦੀ ਨੈੱਟਵਰਕ ਖ਼ਿਲਾਫ਼ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਮੋਹਾਲੀ ਨੇ ਵਿਦੇਸ਼ ਵਿੱਚ ਬੈਠੇ ਇੱਕ ਅੱਤਵਾਦੀ ਆਪਰੇਟਿਵ ਦੇ ਦੋ ਮੁੱਖ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੰਜਾਬ ਪੁਲਿਸ ਦੇ ਡੀਜੀਪੀ (DGP) ਗੌਰਵ ਯਾਦਵ ਨੇ ਇਸ ਕਾਰਵਾਈ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਆਈ.ਈ.ਡੀ. (IED ) ਵੀ ਬਰਾਮਦ ਕੀਤੀ ਹੈ।
ਸਰਕਾਰੀ ਜਾਇਦਾਦਾਂ ਨੂੰ ਨਿਸ਼ਾਨਾ ਬਣਾਉਣ ਦੀ ਸੀ ਸਾਜ਼ਿਸ਼
ਹੁਣ ਤੱਕ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਜਨਤਕ ਢਾਂਚੇ (ਸਰਕਾਰੀ/ਜਨਤਕ ਜਾਇਦਾਦਾਂ) ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ, ਜਿਸ ਨੂੰ ਪੁਲਿਸ ਨੇ ਸਮਾਂ ਰਹਿੰਦੇ ਨਾਕਾਮ ਕਰ ਦਿੱਤਾ ਹੈ। ਪੁਲਿਸ ਦੀ ਇਸ ਮੁਸਤੈਦੀ ਨਾਲ ਸੂਬੇ ਸਿਰ ਮੰਡਰਾ ਰਿਹਾ ਇੱਕ ਵੱਡਾ ਸੁਰੱਖਿਆ ਖਤਰਾ ਟਲ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਜਾਂਚ ਏਜੰਸੀਆਂ ਇਸ ਸਾਜ਼ਿਸ਼ ਪਿੱਛੇ ਲੁਕੇ ਹੈਂਡਲਰਾਂ, ਉਨ੍ਹਾਂ ਦੇ ਹੋਰ ਸਾਥੀਆਂ ਅਤੇ ਪੂਰੇ ਅੱਤਵਾਦੀ ਨੈੱਟਵਰਕ ਦੇ ਸਬੰਧਾਂ ਦਾ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ।
ਪੰਜਾਬ ਪੁਲਿਸ ਨੇ ਕਿਹਾ ਕਿ ਉਹ ਸੂਬੇ ਵਿੱਚ ਅੱਤਵਾਦੀ ਨੈੱਟਵਰਕ ਨੂੰ ਸੂਬੇ ‘ਚੋਂ ਖ਼ਤਮ ਕਰਨ, ਸੰਗਠਿਤ ਅਪਰਾਧ ਨੂੰ ਨੱਥ ਪਾਉਣ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਚਰਚਾ ਵਿੱਚ ਰਿਹਾ 2022 ਦਾ ਮੋਹਾਲੀ RPG ਅਟੈਕ
ਜ਼ਿਕਰਯੋਗ ਹੈ ਕਿ 9 ਮਈ 2022 ਨੂੰ ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਇੱਕ ਰਾਕੇਟ ਪ੍ਰੋਪੇਲਡ ਗ੍ਰਨੇਡ (RPG) ਹਮਲਾ ਹੋਇਆ ਸੀ, ਜਿਸ ਦੀ ਜਾਂਚ ਇਸ ਵੇਲੇ ਰਾਸ਼ਟਰੀ ਜਾਂਚ ਏਜੰਸੀ (NIA) ਕਰ ਰਹੀ ਹੈ। ਇਸ ਮਾਮਲੇ ਦੀ ਪੜਤਾਲ ਦੌਰਾਨ ਹੁਣ ਤੱਕ ਪਾਕਿਸਤਾਨ ਅਤੇ ਕੈਨੇਡਾ ਵਿੱਚ ਬੈਠੇ ਵੱਖਵਾਦੀਆਂ, ਸਥਾਨਕ ਗੈਂਗਸਟਰਾਂ ਅਤੇ ਡਰੱਗ ਤਸਕਰਾਂ ਦੇ ਇੱਕ ਵੱਡੇ ਅੰਤਰਰਾਸ਼ਟਰੀ ਗਠਜੋੜ ਦਾ ਪਰਦਾਫਾਸ਼ ਹੋ ਚੁੱਕਾ ਹੈ।
ਮੁੱਖ ਦੋਸ਼ੀ ਪਹਿਲਾਂ ਹੀ ਹੋ ਚੁੱਕੇ ਹਨ ਗ੍ਰਿਫ਼ਤਾਰ
ਇਸ ਆਰਪੀਜੀ ਹਮਲੇ ਦੇ ਮਾਮਲੇ ਵਿੱਚ ਕੇਂਦਰੀ ਏਜੰਸੀਆਂ ਨੇ ਵੱਡੀ ਕਾਰਵਾਈ ਕਰਦੇ ਹੋਏ ਦੀਪਕ ਰੰਗਾ ਮੁੱਖ ਸ਼ੂਟਰ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਗ੍ਰਿਫ਼ਤਾਰ ਕੀਤਾ। ਇਸੇ ਤਰ੍ਹਾ ਸਾਜਿਸ਼ਕਰਤਾ ਚੜ੍ਹਤ ਸਿੰਘ ਨੂੰ ਮੁੰਬਈ ਤੋਂ ਕਾਬੂ ਕੀਤਾ ਗਿਆ।
ਇਸ ਤੋਂ ਇਲਾਵਾ ਕਈ ਹੋਰ ਮੁਲਜ਼ਮ ਵੀ ਸਲਾਖਾਂ ਪਿੱਛੇ ਭੇਜੇ ਜਾ ਚੁੱਕੇ ਹਨ। ਜਾਂਚ ਮੁਤਾਬਕ ਇਸ ਹਮਲੇ ਦੀ ਮੁੱਖ ਸਾਜ਼ਿਸ਼ ਪਾਕਿਸਤਾਨ ਵਿੱਚ ਲੁਕੇ ਹਰਵਿੰਦਰ ਸਿੰਘ ਰਿੰਦਾ ਅਤੇ ਕੈਨੇਡਾ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਲਖਬੀਰ ਸਿੰਘ ਲਾਂਡਾ ਨੇ ਰਚੀ ਸੀ, ਜਿਨ੍ਹਾਂ ਦੀਆਂ ਜਾਇਦਾਦਾਂ ਵੀ ਕੁਰਕ ਕੀਤੀਆਂ ਜਾ ਚੁੱਕੀਆਂ ਹਨ।
ਅਦਾਲਤ ਵਿੱਚ ਸੁਣਵਾਈ ਜਾਰੀ
ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਇਸ ਮਾਮਲੇ ‘ਤੇ ਲਗਾਤਾਰ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਜੇਲ੍ਹ ਵਿੱਚ ਬੰਦ ਮੁੱਖ ਮੁਲਜ਼ਮਾਂ ਜਿਵੇਂ ਕਿ ਗੁਰਪਿੰਦਰ ਪਿੰਦਾ, ਨਿਸ਼ਾਂਤ ਸਿੰਘ ਅਤੇ ਵਿਕਾਸ ਕੁਮਾਰ ਸਮੇਤ ਹੋਰਨਾਂ ਖ਼ਿਲਾਫ਼ ਅਦਾਲਤੀ ਸੁਣਵਾਈ ਅਤੇ ਗਵਾਹੀਆਂ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ।














