ਚੰਡੀਗੜ੍ਹ : ਅੰਮ੍ਰਿਤਸਰ ਵਿੱਚ ਵੇਅਰਹਾਊਸ ਦੇ ਡਿਸਟ੍ਰਿਕਟ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਲਾਲਜੀਤ ਭੁੱਲਰ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ ਹੈ।

ਟ੍ਰਾਂਸਪੋਰਟ ਵਿਭਾਗ ਹੁਣ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸੌਂਪ ਦਿੱਤਾ ਗਿਆ ਹੈ। ਲਾਲਜੀਤ ਸਿੰਘ ਭੁੱਲਰ ਕੋਲ ਟ੍ਰਾਂਸਪੋਰਟ ਵਿਭਾਗ ਤੇ ਜੇਲ੍ਹ ਵਿਭਾਗ ਸਨ। ਜੇਲ੍ਹ ਵਿਭਾਗ ਦੀ ਜਿੰਮੇਵਾਰੀ ਹੁਣ ਡਾ. ਰਵਜੋਤ ਨੂੰ ਸੌਪੀ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ, ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵੱਲੋਂ ਬੀਤੇ ਦਿਨੀ ਖ਼ੁਦਕੁਸ਼ੀ ਕਰ ਲਈ ਗਈ ਸੀ ਤੇ ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾ ਕੇ ਉਨ੍ਹਾਂ ਨੇ ਲਾਲਜੀਤ ਸਿੰਘ ਭੁੱਲਰ ਤੇ ਕਾਫੀ ਗੰਭੀਰ ਦੋਸ਼ ਲਗਾਏ ਸਨ। ਜਿਸ ਤੋਂ ਬਾਅਦ ਸੀਐਮ ਮਾਨ ਨੇ ਤੁਰੰਤ ਐਕਸ਼ਨ ਲੈਂਦਿਆਂ ਲਾਲਜੀਤ ਸਿੰਘ ਭੁੱਲਰ ਵੱਲੋਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਲਿਆ ਸੀ ਤੇ ਬੀਤੇ ਦਿਨੀਂ ਪੰਜਾਬ ਪੁਲਿਸ ਵੱਲੋਂ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਸੀ.ਬੀ.ਆਈ. (CBI) ਜਾਂਚ ਦੀ ਮੰਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨਕਾਰ ਦਿੱਤਾ ਹੈ। ਮਾਨ ਨੇ ਕਿਹਾ ਕਿ ਅਸੀਂ ਇਨਸਾਫ਼ ਦਾ ਵਾਅਦਾ ਕੀਤਾ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ। ਭਾਵੇਂ ਕੋਈ ਮੰਤਰੀ ਹੋਵੇ ਜਾਂ ਸੰਤਰੀ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ” ਰੰਧਾਵਾ ਮਾਮਲੇ ‘ਚ ਮੰਤਰੀ ਦਾ ਅਸਤੀਫ਼ਾ ਹੋ ਗਿਆ ਹੈ, ਉਸ ਨੂੰ ਫੜ ਲਿਆ ਗਿਆ ਹੈ ਅਤੇ ਚੀਫ਼ ਸੈਕਟਰੀ ਪੱਧਰ ਦੀ ਕਮੇਟੀ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਜੋ ਵੀ ਕਾਨੂੰਨ ਮੁਤਾਬਕ ਹੋਵੇਗਾ, ਉਸੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜਿੱਥੋਂ ਤੱਕ ਸੀ.ਬੀ.ਆਈ. (CBI) ਦੀ ਗੱਲ ਹੈ, ਅਜਿਹੀਆਂ ਕਈ ਉਦਾਹਰਨਾਂ ਹਨ ਜਿੱਥੇ ਕਈ ਹੋਰ ਲੋਕਾਂ ਦੇ ਨਾਮ ਸਾਹਮਣੇ ਆਏ ਹਨ। ਵਾਈ. ਪੂਰਨ ਕੁਮਾਰ ਮਾਮਲਾ, ਜਿਸ ਵਿੱਚ ਹਰਿਆਣਾ ਦੇ ਚੋਟੀ ਦੇ ਅਧਿਕਾਰੀਆਂ ਦੇ ਨਾਮ ਆਏ ਸਨ – ਕੀ ਉਹ ਮਾਮਲਾ ਸੀ.ਬੀ.ਆਈ. ਨੂੰ ਸੌਂਪਿਆ ਗਿਆ ਸੀ? ਇੱਕ ਪਰਿਵਾਰ ਨੇ ਛਾਲ ਮਾਰ ਦਿੱਤੀ ਸੀ ਜਿਸ ਵਿੱਚ ਪਿਤਾ ਅਤੇ ਧੀ ਦੀ ਮੌਤ ਹੋ ਗਈ ਸੀ ਅਤੇ ਪਤਨੀ ਬਚ ਗਈ ਸੀ। ਉਸਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ‘ਤੇ ਗੰਭੀਰ ਇਲਜ਼ਾਮ ਲਗਾਏ ਸਨ, ਕੀ ਉਸ ਮਾਮਲੇ ਚ ਕਿਸੇ ਨੇ ਅਸਤੀਫਾ ਦਿੱਤਾ। ਪਟਿਆਲਾ ਵਿੱਚ ਆਤਮਦਾਹ ਦੀ ਇੱਕ ਘਟਨਾ ਵਿੱਚ ਕੈਪਟਨ ਅਮਰਿੰਦਰ ਸਰਕਾਰ ‘ਤੇ ਇਲਜ਼ਾਮ ਲੱਗੇ ਸਨ, ਕੀ ਉਸ ਵਿੱਚ ਸੀ.ਬੀ.ਆਈ. ਜਾਂਚ ਹੋਈ ਸੀ?