ਟੋਰਾਂਟੋ: ਕੈਨੇਡਾ ਦੀ ਪੀਲ ਰੀਜਨਲ ਪੁਲੀਸ ਨੇ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਕਥਿਤ ਤੌਰ ’ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਲੰਬੇ ਸਮੇਂ ਤੱਕ ਚੱਲੀ ਅੰਡਰਕਵਰ ਜਾਂਚ ਤੋਂ ਬਾਅਦ ਪੁਲੀਸ ਨੇ ਇੱਕ ਔਰਤ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਰਵਾਈ ਦੌਰਾਨ 23 ਗੈਰ-ਕਾਨੂੰਨੀ ਹਥਿਆਰ, ਕਰੀਬ 825 ਗ੍ਰਾਮ ਕੋਕੀਨ ਅਤੇ 950 ਤੋਂ ਵੱਧ ਜਿਊਂਦੇ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਪੁਲੀਸ ਮੁਤਾਬਕ ‘ਪ੍ਰੋਜੈਕਟ ਰੈੱਡ ਜ਼ੋਨ’ ਨਾਂ ਦੀ ਇਹ ਜਾਂਚ ਅਕਤੂਬਰ 2025 ਵਿੱਚ ਸ਼ੁਰੂ ਹੋਈ ਸੀ ਅਤੇ ਜੁਲਾਈ 2026 ਤੱਕ ਜਾਰੀ ਰਹੀ। ਇਸ ਅਪਰੇਸ਼ਨ ਨੂੰ ਪੀਲ ਰੀਜਨਲ ਪੁਲੀਸ ਦੇ ਸਪੈਸ਼ਲਾਈਜ਼ਡ ਐਨਫੋਰਸਮੈਂਟ ਬਿਊਰੋ ਨੇ ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਵਿਭਾਗ ਅਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ ਦੇ ਸਹਿਯੋਗ ਨਾਲ ਚਲਾਇਆ।
ਅਮਰੀਕਾ ਤੋਂ ਲਿਆਂਦੇ ਗਏ 15 ਹਥਿਆਰ
ਪੁਲੀਸ ਦਾ ਕਹਿਣਾ ਹੈ ਕਿ ਬਰਾਮਦ ਕੀਤੇ 23 ਹਥਿਆਰਾਂ ਵਿੱਚੋਂ 15 ਅਮਰੀਕਾ ਤੋਂ ਕੈਨੇਡਾ ਲਿਆਂਦੇ ਗਏ ਸਨ। ਇਸ ਤੋਂ ਇਲਾਵਾ ਕੁਝ ਅਜਿਹੇ ਹਥਿਆਰ ਵੀ ਮਿਲੇ ਹਨ, ਜਿਨ੍ਹਾਂ ’ਤੇ ਕੈਨੇਡਾ ਵਿੱਚ ਪੂਰੀ ਤਰ੍ਹਾਂ ਪਾਬੰਦੀ ਹੈ।
ਫੋਰੈਂਸਿਕ ਜਾਂਚ ਦੌਰਾਨ ਪੁਲੀਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਹਥਿਆਰਾਂ ਵਿੱਚੋਂ ਇੱਕ ਦਾ ਸਬੰਧ ਮਾਰਚ 2024 ਵਿੱਚ ਮਿਸੀਸਾਗਾ ਵਿੱਚ ਵਾਪਰੇ ਕਤਲ ਦੇ ਮਾਮਲੇ ਨਾਲ ਮਿਲਿਆ ਹੈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ, ਜਦਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੋਇਆ ਸੀ। ਪੁਲੀਸ ਮੁਤਾਬਕ ਇਸ ਅਪਰੇਸ਼ਨ ਦੌਰਾਨ ਬਰਾਮਦ ਹਥਿਆਰਾਂ ਨੂੰ GTA ਵਿੱਚ ਵਾਪਰੀਆਂ 14 ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਵੀ ਜੋੜਿਆ ਗਿਆ ਹੈ।
4 ਮੁਲਜ਼ਮ ਗ੍ਰਿਫ਼ਤਾਰ
ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ 24 ਸਾਲਾ ਸਟੀਫ਼ਨ ਪ੍ਰਕਾਸ਼ ਕੰਸਾਲਾ, 24 ਸਾਲਾ ਅਕਸ਼ੈ ਸ਼੍ਰੀਕਾਂਤਨ, 28 ਸਾਲਾ ਸਮੀ ਸ਼ੇਖ ਅਤੇ 23 ਸਾਲਾ ਜਨੋਜ ਧਿਆਬਰਨ ਵਜੋਂ ਹੋਈ ਹੈ। ਇਨ੍ਹਾਂ ’ਤੇ ਹਥਿਆਰਾਂ ਅਤੇ ਕਾਰਤੂਸਾਂ ਦੀ ਤਸਕਰੀ ਨਾਲ ਸਬੰਧਤ ਦੋਸ਼ ਲਗਾਏ ਗਏ ਹਨ।
ਪੁਲੀਸ ਨੇ ਦੱਸਿਆ ਕਿ ਸਟੀਫ਼ਨ ਪ੍ਰਕਾਸ਼ ਕੰਸਾਲਾ ਅਤੇ ਜਨੋਜ ਧਿਆਬਰਨ ਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਥੇ ਹੀ ਅਕਸ਼ੈ ਸ਼੍ਰੀਕਾਂਤਨ ਅਤੇ ਸਮੀ ਸ਼ੇਖ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਬਾਅਦ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣਗੇ।
ਪੁਲੀਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਨਸਲ, ਕੌਮੀਅਤ ਜਾਂ ਪਿਛੋਕੜ ਸਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ। ਪੀਲ ਰੀਜਨਲ ਪੁਲੀਸ ਮੁਤਾਬਕ ਇਸ ਸਾਲ ਹੁਣ ਤੱਕ 125 ਅਪਰਾਧਿਕ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ।














