ਅਮਰੀਕਾ ਜਾਣ ਅਤੇ ਉੱਥੇ ਪੱਕੇ ਤੌਰ ‘ਤੇ ਵੱਸਣ ਦਾ ਸੁਪਨਾ ਦੇਖ ਰਹੇ ਭਾਰਤੀਆਂ ਲਈ ਚਿੰਤਾ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜੀ ਹਾਂ, ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਤਹਿਤ ਅਮਰੀਕਾ ਵਿੱਚ ਭਾਰਤੀਆਂ ਖ਼ਿਲਾਫ਼ ਕਾਰਵਾਈ ਦਾ ਅੰਕੜਾ 6 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਇੱਕ ਰਿਪੋਰਟ ਮੁਤਾਬਕ ਜਨਵਰੀ 2025 ਤੋਂ ਅਗਸਤ 2026 ਤੱਕ ਅਮਰੀਕੀ ਇਮੀਗ੍ਰੇਸ਼ਨ ਏਜੰਸੀ ICE ਨੇ ਕੁੱਲ 6,111 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ 5,235 ਲੋਕਾਂ ਨੂੰ ਡਿਟੈਂਸ਼ਨ ਸੈਂਟਰਾਂ ਵਿੱਚ ਰੱਖਿਆ ਗਿਆ, ਜਦਕਿ 2,349 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ। ਸੰਗਠਨ ਸਟਾਪ ਏਏਪੀਆਈ ਹੇਟ ਦਾ ਦਾਅਵਾ ਹੈ ਕਿ ਅਮਰੀਕਾ ਵਿੱਚ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਇਮੀਗ੍ਰੇਸ਼ਨ ਏਜੰਸੀ ਵੱਲੋਂ ਛਾਪੇਮਾਰੀ ਤੇਜ਼ ਕੀਤੀ ਗਈ ਹੈ। ਸੰਗਠਨ ਮੁਤਾਬਕ ਏਸ਼ੀਆ-ਪ੍ਰਸ਼ਾਂਤ ਭਾਈਚਾਰੇ ਵਿੱਚ ਭਾਰਤੀਆਂ ਨੂੰ ਸਭ ਤੋਂ ਵੱਧ ਗ੍ਰਿਫ਼ਤਾਰੀਆਂ ਅਤੇ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਿਆ ਹੈ।
ਇਸੇ ਦੌਰਾਨ ਕੈਲੀਫੋਰਨੀਆ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਵੀ ਸਾਹਮਣੇ ਆਇਆ ਹੈ। ਇੱਥੇ 60 ਸਾਲਾ ਭਾਰਤੀ ਮੂਲ ਦੀ ਰੈਸਟੋਰੈਂਟ ਮਾਲਕਣ, ਜਿਸ ਦਾ ਨਾਮ ਬਬਲੀ ਦੱਸਿਆ ਗਿਆ ਹੈ, ਨੂੰ ਬਾਇਓਮੈਟ੍ਰਿਕਸ ਪ੍ਰਕਿਰਿਆ ਲਈ ਇਮੀਗ੍ਰੇਸ਼ਨ ਦਫ਼ਤਰ ਬੁਲਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਉਸ ਦਾ ਗ੍ਰੀਨ ਕਾਰਡ ਮਨਜ਼ੂਰ ਹੋਣ ਦੇ ਬਾਵਜੂਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਕਰੀਬ ਇੱਕ ਹਫ਼ਤੇ ਬਾਅਦ ਰਿਹਾਅ ਕੀਤਾ ਗਿਆ। ਰਿਪੋਰਟ ਮੁਤਾਬਕ ਕੈਲੀਫੋਰਨੀਆ ਵਿੱਚ ਵੀ 850 ਤੋਂ ਵੱਧ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੂਜੇ ਪਾਸੇ, ਟਰੰਪ ਨੇ ਵਿਦੇਸ਼ਾਂ ਵਿੱਚ ਡੇਟਾ ਸੈਂਟਰ ਬਣਾਉਣ ਵਾਲੀਆਂ ਅਮਰੀਕੀ ਕੰਪਨੀਆਂ ‘ਤੇ ਭਾਰੀ ਟੈਕਸ ਲਗਾਉਣ ਦੀ ਚੇਤਾਵਨੀ ਵੀ ਦਿੱਤੀ ਹੈ। ਇਸ ਦਾ ਅਸਰ ਭਾਰਤ ਦੇ ਏਆਈ ਅਤੇ ਡਿਜੀਟਲ ਸੈਕਟਰ ਵਿੱਚ ਹੋਣ ਵਾਲੇ ਨਿਵੇਸ਼ ‘ਤੇ ਪੈ ਸਕਦਾ ਹੈ। ਗੂਗਲ, ਮਾਈਕ੍ਰੋਸਾਫਟ ਅਤੇ ਐਮਾਜ਼ਾਨ ਵਰਗੀਆਂ ਕੰਪਨੀਆਂ ਪਹਿਲਾਂ ਹੀ ਭਾਰਤ ਵਿੱਚ ਵੱਡੇ ਨਿਵੇਸ਼ ਦਾ ਐਲਾਨ ਕਰ ਚੁੱਕੀਆਂ ਹਨ। ਕੁੱਲ ਮਿਲਾ ਕੇ ਟਰੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਅਤੇ ਵਪਾਰਕ ਨੀਤੀਆਂ ਦਾ ਅਸਰ ਹੁਣ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੇ ਨਾਲ-ਨਾਲ ਭਾਰਤ ਦੇ ਆਰਥਿਕ ਹਿੱਤਾਂ ‘ਤੇ ਵੀ ਪੈ ਸਕਦਾ ਹੈ।














