ਲਿੰਡੀ ਕੈਮਰਨ ਹੁਣ ਭਾਰਤ ਵਿੱਚ ਬ੍ਰਿਟੇਨ ਦੀ ਨਵੀਂ ਹਾਈ ਕਮਿਸ਼ਨਰ ਹੋਵੇਗੀ। ਲਿੰਡੀ ਕੈਮਰਨ ਐਲੇਕਸ ਐਲਿਸ ਦੀ ਜਗ੍ਹਾ ਲਵੇਗੀ। ਬ੍ਰਿਟਿਸ਼ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ‘ਲਿੰਡੀ ਕੈਮਰਨ ਨੂੰ ਭਾਰਤ ਗਣਰਾਜ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਐਲੇਕਸ ਐਲਿਸ ਦੀ ਥਾਂ ਲਵੇਗੀ, ਜਿਸ ਨੂੰ ਕਿਸੇ ਹੋਰ ਕੂਟਨੀਤਕ ਸੇਵਾ ਵਿੱਚ ਤਾਇਨਾਤ ਕੀਤਾ ਗਿਆ ਹੈ। ਨਵੀਂ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਜਾਰੀ ਬਿਆਨ ਮੁਤਾਬਿਕ ਕੈਮਰਨ ਇਸ ਮਹੀਨੇ ਅਹੁਦਾ ਸੰਭਾਲਣਗੇ। ਕੈਮਰਨ 2020 ਤੋਂ ਯੂਕੇ ਨੈਸ਼ਨਲ ਸਾਈਬਰ ਸੁਰੱਖਿਆ ਕੇਂਦਰ ਦੇ ਮੁੱਖ ਕਾਰਜਕਾਰੀ ਵਜੋਂ ਸੇਵਾ ਨਿਭਾ ਰਹੇ ਹਨ। ਉਸ ਨੇ ਯੂਕੇ ਦੇ ਉੱਤਰੀ ਆਇਰਲੈਂਡ ਦਫ਼ਤਰ ਦੇ ਡਾਇਰੈਕਟਰ ਜਨਰਲ ਵਜੋਂ ਵੀ ਕੰਮ ਕੀਤਾ। ਉਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ ‘ਚ ਹੋਈ ਹੈ ਜਦੋਂ ਬ੍ਰਿਟੇਨ ਅਤੇ ਭਾਰਤ ਲੰਬੇ ਸਮੇਂ ਤੋਂ ਲਟਕ ਰਹੇ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ‘ਚ ਰੁੱਝੇ ਹੋਏ ਹਨ।