ਬੇਰੂਤ : ਪੇਜਰਾਂ ਵਿਚ ਧਮਾਕੇ ਤੋਂ ਇਕ ਦਿਨ ਮਗਰੋਂ ਅੱਜ ਬੇਰੂਤ ਦੇ ਵੱਖ ਵੱਖ ਇਲਾਕਿਆਂ ਵਿਚ ਇਕੋ ਵੇਲੇ ਇਲੈਕਟ੍ਰੋਨਿਕ ਯੰਤਰਾਂ (ਵਾਕੀ-ਟਾਕੀਜ਼) ਤੇ ਸੌਰ ਉਪਕਰਨਾਂ ਰਾਹੀਂ ਕੀਤੇ ਧਮਾਕਿਆਂ ਵਿਚ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਸੌ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਖ਼ਬਰ ਏਜੰਸੀ ਮੁਤਾਬਕ ਇਨ੍ਹਾਂ ਵਿਚੋਂ ਇਕ ਧਮਾਕਾ ਲੰਘੇ ਦਿਨ ਪੇਜਰ ਧਮਾਕਿਆਂ ਦੌਰਾਨ ਫੌਤ ਹੋਏ ਤਿੰਨ ਹਿਜ਼ਬੁੱਲ੍ਹਾ ਮੈਂਬਰਾਂ ਤੇ ਇਕ ਬੱਚੇ ਦੀਆਂ ਅੰਤਿਮ ਰਸਮਾਂ ਵਾਲੀ ਥਾਂ ’ਤੇ ਹੋਇਆ। ਹਿਜ਼ਬੁੱਲਾ ਦੇ ਅਲ ਮਨਾਰ ਟੀਵੀ ਨੇ ਵੀ ਲਿਬਨਾਨ ਦੇ ਕਈ ਹਿੱਸਿਆਂ ਵਿਚ ਉਪਰੋਥੱਲੀ ਕਈ ਧਮਾਕੇ ਹੋਣ ਦਾ ਦਾਅਵਾ ਕੀਤਾ ਹੈ। ਹਿਜ਼ਬੁੱਲ੍ਹਾ ਦੇ ਅਧਿਕਾਰੀ ਨੇ ਦੱਸਿਆ ਕਿ ਬੇਰੂਤ ਵਿਚ ਸਮੂਹ ਵੱਲੋਂ ਵਰਤੇ ਜਾਂਦੇ ਵਾਕੀ-ਟਾਕੀਜ਼ ਵਿਚ ਧਮਾਕੇ ਹੋਣ ਦੀਆਂ ਰਿਪੋਰਟਾਂ ਹਨ। ਲਿਬਨਾਨ ਦੀ ਅਧਿਕਾਰਤ ਖ਼ਬਰ ਏਜੰਸੀ ਨੇ ਕਿਹਾ ਕਿ ਬੇਰੂਤ ਤੇ ਦੱਖਣੀ ਲਿਬਨਾਨ ਦੇ ਕਈ ਘਰਾਂ ਵਿਚ ਸੌਰ ਊਰਜਾ ਸਿਸਟਮਾਂ ਵਿਚ ਵੀ ਧਮਾਕੇ ਹੋਏ। ਇਹ ਨਵੇਂ ਧਮਾਕੇ ਅਜਿਹੇ ਮੌਕੇ ਹੋਏ ਹਨ ਜਦੋਂ ਮੰਗਲਵਾਰ ਨੂੰ ਹੋਏ ਪੇਜਰ ਧਮਾਕਿਆਂ ਕਰਕੇ ਲੋਕਾਂ ’ਚ ਦੁਚਿੱਤੀ ਤੇ ਗੁੱਸਾ ਜਾਰੀ ਹੈ। ਮੰਗਲਵਾਰ ਨੂੰ ਹੋਏ ਧਮਾਕਿਆਂ ਵਿਚ 12 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 2800 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ।