ਚੰਡੀਗੜ੍ਹ  : ਖਾਲਸਾ ਏਡ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਸੰਧਵਾਂ ਦੇ ਲੋਕਾਂ ਲਈ ਇੱਕ ਫਿਜ਼ੀਓਥਰੈਪੀ ਸੈਂਟਰ ਅਤੇ ਦੋ ਜਿੰਮਾਂ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਵਿਧਾਨ ਸਭ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਚੇਚੇ ਤੌਰ ‘ਤੇ ਮੌਜੂਦ ਰਹੇ ਤੇ ਉਨ੍ਹਾਂ ਖਾਲਸਾ ਏਡ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਫਿਜ਼ਿਓਥੈਰੇਪੀ ਸੈਂਟਰ ਅਤੇ ਜਿੰਮ ਦਾ ਉਦਘਾਟਨ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵਲੋਂ ਅਰਦਾਸ ਕਰਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘ਮੈਂ ਇਲਾਕਾ ਨਿਵਾਸੀਆਂ ਅਤੇ ਪਿੰਡ ਵਾਲ਼ਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਿੰਮ ਦੀ ਸਹੀ ਵਰਤੋਂ ਕਰਨ, ਤਾਂ ਕਿ ਅਸੀਂ ਤੰਦਰੁਸਤ ਸਰੀਰ ਨਾਲ ਇਸ ਸਮਾਜ ਦੀ ਸੇਵਾ ਕਰ ਸਕੀਏ।’

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ‘ਪ੍ਰਥਮ ਸੁਖ ਨਿਰੋਗੀ ਕਾਇਆ’, ਜਿਸ ਇਨਸਾਨ ਦਾ ਸਰੀਰ ਤੰਦਰੁਸਤ ਹੈ, ਪਰਮਾਤਮਾਂ ਉਸ ਇਨਸਾਨ ‘ਤੇ ਖ਼ੁਸ਼ ਹੁੰਦਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਖਾਲਸਾ ਏਡ ਵਲੋਂ ਦਿੱਤੀਆਂ ਗਈਆਂ ਸਹੂਲਤਾਂ ਨੂੰ ਮਾਨਣਾ ਵੀ ਹੈ ਤੇ ਸੰਭਾਲ ਵੀ ਕਰਨੀ ਹੈ। ਉਨ੍ਹਾਂ ਖਾਲਸਾ ਏਡ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।
ਖਾਲਸਾ ਏਡ ਯੂ.ਕੇ ਤੋਂ ਆਏ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਵੱਲੋਂ ਪੰਜਾਬ ਅੰਦਰ ਚਲਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਮੱਦੇਨਜਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਹਿਯੋਗ ਨਾਲ ਪਿੰਡ ਸੰਧਵਾਂ ਵਿੱਚ ਚਲਾਏ ਗਏ ਜਿਮ ਅਤੇ ਫਿਜ਼ੀਓਥਰੈਪੀ ਸੈਂਟਰ ਦਾ ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਪੂਰਾ ਲਾਭ ਲੈਣਗੇ। ਉਨ੍ਹਾਂ ਕਿਹਾ ਕਿ ਜਿਮ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ ਜਦਕਿ ਫਿਜ਼ੀਓਥਰੈਪੀ ਸੈਂਟਰ ਵਿੱਚ 20 ਰੁਪਏ ਤੋ ਵੱਧ ਫੀਸ ਨਹੀਂ ਲਈ ਜਾਵੇਗੀ।
ਇਸ ਮੌਕੇ ਖਾਲਸਾ ਏਡ ਭਾਰਤ ਦੇ ਮੁੱਖ ਸੇਵਾਦਾਰ ਭਾਈ ਦਵਿੰਦਰਜੀਤ ਸਿੰਘ, ਆਕਾਲ ਪੁਰਖ ਕੀ ਫੌਜ ਵੱਲੋਂ ਐਡਵੋਕੇਟ ਭਾਈ ਜਸਵਿੰਦਰ ਸਿੰਘ, ਡਾਕਟਰ ਅਮਰਬੀਰ ਸਿੰਘ, ਖਾਲਸਾ ਏਡ ਦੀ ਸਮੁੱਚੀ ਟੀਮ ਅਤੇ ਇਲਾਕਾ ਨਿਵਾਸੀ ਮੌਜੂਦ ਸਨ।