ਅਮਰੀਕਾ ਦੇ ਇਕ ਹਿੰਦੂ ਸਿਆਸੀ ਸਮੂਹ ਨੇ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਅਮਰੀਕੀ ਕਮਿਸ਼ਨ ਫਾਰ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ (ਯੂ.ਐੱਸ.ਸੀ.ਆਈ.ਆਰ.ਐੱਫ.) ਦੇ ਪਾਕਿਸਤਾਨੀ-ਅਮਰੀਕੀ ਮੈਂਬਰ ਨਾਲ ਸਬੰਧਾਂ ’ਤੇ ਸਵਾਲ ਚੁਕੇ ਹਨ ਅਤੇ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਰੁਖ ’ਤੇ ਚਿੰਤਾ ਜ਼ਾਹਰ ਕੀਤੀ ਹੈ।
‘ਹਿੰਦੂਜ਼ ਫਾਰ ਅਮਰੀਕਾ ਫਰਸਟ’ ਦੇ ਸੰਸਥਾਪਕ ਅਤੇ ਪ੍ਰਧਾਨ ਉਤਸਵ ਸੰਦੂਜਾ ਨੇ ਇਹ ਟਿਪਣੀ ਪਿਛਲੇ ਹਫਤੇ ਜਾਰੀ ਯੂ.ਐਸ.ਸੀ.ਆਈ.ਆਰ.ਐਫ. ਦੀ ਰੀਪੋਰਟ ਤੋਂ ਬਾਅਦ ਕੀਤੀ, ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਭਾਰਤ ’ਚ ਧਾਰਮਕ ਆਜ਼ਾਦੀ ਦੀ ਸਥਿਤੀ 2024 ’ਚ ਹੋਰ ਵੀ ਬਦਤਰ ਰਹੀ, ਖ਼ਾਸਕਰ ਦੇਸ਼ ਦੀਆਂ ਆਮ ਚੋਣਾਂ ਤੋਂ ਪਹਿਲਾਂ ਅਤੇ ਤੁਰਤ ਬਾਅਦ ਦੇ ਮਹੀਨਿਆਂ ਵਿੱਚ। ਭਾਰਤ ਨੇ ਇਸ ਰੀਪੋਰਟ ਨੂੰ ‘ਬਦਨਾਮ’ ਕਰਾਰ ਦਿਤਾ ਹੈ।
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਮਰਥਕ ਸੰਦੁਜਾ ਨੇ ‘ਐਕਸ’ ’ਤੇ ਇਕ ਵੀਡੀਉ ਪੋਸਟ ਕੀਤਾ, ਜਿਸ ’ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਪਾਕਿਸਤਾਨੀ-ਅਮਰੀਕੀ ਅਤੇ ਹੁਣ ਯੂ.ਐੱਸ.ਸੀ.ਆਈ.ਆਰ.ਐੱਫ. ਕਮਿਸ਼ਨਰ ਆਸਿਫ ਮਹਿਮੂਦ ਦੀ ਉਨ੍ਹਾਂ ਦੀ ਮੁਹਿੰਮ ਦਾ ਸਮਰਥਨ ਕਰਨ ਲਈ ਪ੍ਰਸ਼ੰਸਾ ਕਰਦੀ ਨਜ਼ਰ ਆ ਰਹੀ ਹੈ।
ਮਹਿਮੂਦ ਪਾਕਿਸਤਾਨ ਦੀ ਸਰਕਾਰ ਅਤੇ ਭਾਰਤ ਦੀ ਆਲੋਚਨਾ ਕਰਨ ਵਾਲੇ ਸਿਆਸਤਦਾਨਾਂ ਨਾਲ ਅਪਣੇ ਡੂੰਘੇ ਸਬੰਧਾਂ ਲਈ ਜਾਣਿਆ ਜਾਂਦਾ ਹੈ। ਸੰਦੂਜਾ ਨੇ ਇਕ ਹੋਰ ਪੋਸਟ ’ਚ ਕਿਹਾ, ‘‘ਕਮਲਾ ਹੈਰਿਸ ਇਸ ਸਾਲ ਨਵੰਬਰ ’ਚ ਪਾਕਿਸਤਾਨ ਦੀ ਪਸੰਦੀਦਾ ਉਮੀਦਵਾਰ ਹੈ। ਭਾਰਤੀ-ਅਮਰੀਕੀਉ, ਅਸੀਂ ਬਿਹਤਰ ਕਰ ਸਕਦੇ ਹਾਂ। ਇਹ ਰਿਸ਼ਤਾ ਖ਼ਾਸਕਰ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦਿਆਂ ਚ ਹੈਰਿਸ ਪ੍ਰਸ਼ਾਸਨ ਦੇ ਸੰਭਾਵਤ ਰੁਖ ਬਾਰੇ ਚਿੰਤਾਵਾਂ ਪੈਦਾ ਕਰਦੇ ਹਨ।