ਵੈਨਕੂਵਰ ਦੀ ਨਗਰ ਪਾਲਿਕਾ ਨੇ ਇਤਿਹਾਸਕ ਫ਼ੈਸਲਾ ਕਰਦੇ ਹੋਏ ਸਰਕਾਰੀ ਤੌਰ ‘ਤੇ ‘ਕੈਨੇਡਾ ਪਲੇਸ’ ਸੜਕ ਦਾ ਦੂਸਰਾ ਨਾਂਅ ਉਨ੍ਹਾਂ 376 ਭਾਰਤੀਆਂ ਦੀ ਯਾਦ ਵਿਚ ‘ਕਾਮਾਗਾਟਾਮਾਰੂ ਪਲੇਸ’ ਰੱਖਿਆ ਹੈ ਜਿਹੜੇ 23 ਮਈ 1914 ਨੂੰ ਕਾਮਾਗਾਟਾਮਾਰੂ ਜਹਾਜ਼ ਰਾਹੀਂ ਇਸ ਸੜਕ ਦੇ ਨੇੜੇ ਬਣੀ ਬੰਦਰਗਾਹ ‘ਤੇ ਵੈਨਕੂਵਰ ਪਹੁੰਚੇ ਸਨ, ਪਰ ਉਨ੍ਹਾਂ ਨੂੰ ਨਸਲਵਾਦੀ ਇੰਮੀਗਰੇਸ਼ਨ ਅਧਿਕਾਰੀਆਂ ਵਲੋਂ ਕੈਨੇਡਾ ‘ਚ ਦਾਖ਼ਲੇ ਤੋਂ ਇਨਕਾਰ ਕਰ ਦਿੱਤਾ ਸੀ । ਜਹਾਜ਼ ਵਿਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਯਾਤਰੀ ਸਵਾਰ ਸਨ। 23 ਜੁਲਾਈ 1914 ਨੂੰ ਕਾਮਾਗਾਟਾਮਾਰੂ ਜਿਸ ਨੂੰ ‘ਗੁਰੂ ਨਾਨਕ ਜਹਾਜ਼’ ਦਾ ਨਾਂਅ ਦਿੱਤਾ ਗਿਆ ਸੀ, ਨੂੰ ਵਾਪਸ ਭਾਰਤ ਮੋੜ ਦਿੱਤਾ ਗਿਆ ਸੀ । ਵੈਨਕੂਵਰ ਦੀ ਨਗਰ ਪਾਲਿਕਾ ਵਲੋਂ ‘ਕਾਮਾਗਾਟਾਮਾਰੂ ਪਲੇਸ’ ‘ਤੇ ਦੋ ਸਾਈਨ ਬੋਰਡ ਲਾਏ ਗਏ ਹਨ ਜਿਨ੍ਹਾਂ ਉਪਰ ਯਾਤਰੀਆਂ ਦੀਆਂ ਤਸਵੀਰਾਂ ਸਮੇਤ ਅੰਗਰੇਜ਼ੀ ‘ਚ ਕਾਮਾਗਾਟਾਮਾਰੂ ਪਲੇਸ 1914 ਤੇ ਪੰਜਾਬੀ ‘ਚ ਗੁਰੂ ਨਾਨਕ ਜਹਾਜ਼ ਲਿਖਿਆ ਹੋਇਆ ਹੈ ।