ਹੰਬੋਲਟ ਬੱਸ ਹਾਦਸੇ ਦੌਰਾਨ 16 ਜਣਿਆਂ ਨੇ ਗਵਾਈ ਸੀ ਜਾਨ
ਕੈਲਗਰੀ : ਹੰਬੋਲਟ ਬੱਸ ਹਾਦਸੇ ਦੇ ਦੋਸ਼ੀ ਪੰਜਾਬੀ ਟਰੱਕ ਡਰਾਈਵਰ ਦੀ ਕਿਸਮਤ ਦਾ
ਫੈਸਲਾ 24 ਮਈ ਨੂੰ ਹੋਵੇਗਾ। ਜਸਕੀਰਤ ਸਿੱਧੂ ਦੇ ਵਕੀਲ ਮਾਈਕਲ ਗਰੀਨ ਨੇ ਦੱਸਿਆ ਕਿ ਡਿਪੋਰਟੇਸ਼ਨ ਦੀ ਸੁਣਵਾਈ ਕੁਝ ਮਿੰਟਾਂ ਵਿਚ ਹੀ ਖਤਮ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਮੁਵੱਕਲ ਨੂੰ ਤਾਂ ਪਹਿਲਾਂ ਹੀ ਦੋਸ਼ੀ ਕਰਾਰ ਦਿਤਾ ਜਾ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਜਿਰ੍ਹਾ ਕਰਨ ਦੀ ਕੋਈ ਤੁਕ ਨਹੀਂ ਬਣਦੀ। ਮਾਈਕਲ ਗਰੀਨ ਦਾ ਕਹਿਣਾ ਸੀ ਕਿ ਜਸਕੀਰਤ ਸਿੱਧੂ ਕੈਨੇਡੀਅਨ ਸਿਟੀਜ਼ਨ ਨਹੀਂ ਅਤੇ ਇਸੇ ਆਧਾਰ ’ਤੇ ਫੈਸਲਾ ਨਾਂਹਪੱਖੀ ਹੋਣ ਦੇ ਆਸਾਰ ਹਨ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਇਥੋਂ ਹੀ ਅਸਲ ਸੰਘਰਸ਼ ਸ਼ੁਰੂ ਹੋਵੇਗਾ।
ਜਸਕੀਰਤ ਸਿੱਧੂ ਦੀ ਪੀ.ਆਰ. ਰੱਦ ਕਰਨ ਦਾ ਹੁਕਮ ਆਉਂਦਾ ਹੈ ਤਾਂ ਉਹ ਮਨੁੱਖੀ ਆਧਾਰ ’ਤੇ ਕੈਨੇਡਾ ਵਿਚ ਰਹਿਣ ਦੀ ਅਰਜ਼ੀ ਦਾਇਰ ਕਰ ਸਕਦਾ ਹੈ। ਅਰਜ਼ੀ ਦਾ ਫੈਸਲਾ ਕਦੋਂ ਆਵੇਗਾ, ਇਸ ਬਾਰੇ ਕਹਿਣਾ ਮੁਸ਼ਕਲ ਹੈ। ਕੁਝ ਮਹੀਨੇ ਵੀ ਲੱਗ ਸਕਦੇ ਹਨ ਜਾਂ ਕੁਝ ਸਾਲ ਵੀ ਲੱਗ ਸਕਦੇ ਹਨ। ਮਾਈਕਲ ਗਰੀਨ ਨੇ ਅੱਗੇ ਦੱਸਿਆ ਕਿ ਜਦੋਂ ਇਕ ਸ਼ਖਸ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੁੰਦੇ ਹਨ ਤਾਂ ਪ੍ਰੀ-ਰਿਮੂਵਲ ਰਿਸਕ ਅਸੈਸਮੈਂਟ ਕੀਤੀ ਜਾਂਦੀ ਹੈ ਜਿਸ ਵਿਚ ਕੁਝ ਮਹੀਨੇ ਲਗਦੇ ਹਨ। ਇਸ ਤੋਂ ਇਲਾਵਾ ਜਸਕੀਰਤ ਸਿੱਧੂ ਫੈਸਲੇ ਨੂੰ ਟਾਲਣ ਦੀ ਗੁਜ਼ਾਰਿਸ਼ ਵੀ ਕਰ ਸਕਦਾ ਹੈ। ਮਾਈਕਲ ਗਰੀਨ ਨੇ ਸਪੱਸ਼ਟ ਲਹਿਜ਼ੇ ਵਿਚ ਆਖਿਆ ਕਿ ਇਨਸਾਫ ਦੀ ਪ੍ਰਕਿਰਿਆ ਕਈ ਵਾਰ ਸੁਸਤ ਰਫਤਾਰ ਨਾਲ ਅੱਗੇ ਵਧਦੀ ਹੈ ਅਤੇ ਇਸ ਮਾਮਲੇ ਵਿਚ ਪਿਛਲੇ ਛੇ ਸਾਲ ਤੋਂ ਜਾਰੀ ਹੈ। ਅਸੀਂ ਉਮੀਦ ਨਹੀਂ ਛੱਡੀ ਪਰ ਦੋਸ਼ੀ ਕਰਾਰ ਦਿਤੇ ਜਾਣ ਕਰ ਕੇ ਹੋਏ ਨੁਕਸਾਨ ਨੂੰ ਘਟਾਇਆ ਨਹੀਂ ਜਾ ਸਕਦਾ। ਜਸਕੀਰਤ ਸਿੱਧੂ ਨੂੰ ਕਮਿਊਨਿਟੀ ਦਾ ਡਟਵਾਂ ਸਾਥ ਮਿਲ ਰਿਹਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਉਸ ਦਾ ਵਿਰੋਧ ਕਰ ਰਹੇ ਹਨ ਅਤੇ ਮੁਆਫ ਕਰਨ ਵਾਸਤੇ ਰਾਜ਼ੀ ਨਹੀਂ।
ਇਥੇ ਦਸਣਾ ਬਣਦਾ ਹੈ ਕਿ 2018 ਵਿਚ ਸਸਕੈਚਵਨ ਦੇ ਇਕ ਹਾਈਵੇਅ ’ਤੇ ਜੂਨੀਅਰ ਹਾਕੀ ਟੀਮ ਨੂੰ ਲਿਜਾ ਰਹੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਦੌਰਾਨ 16 ਜਣਿਆਂ ਦੀ ਮੌਤ ਹੋ ਗਈ ਸੀ। ਹਾਦਸਾ ਇਕ ਇੰਟਰਸੈਕਸ਼ਨ ’ਤੇ ਵਾਪਰਿਆ ਜਿਥੇ ਇਕ ਸੜਕ ’ਤੇ ਜਾ ਰਹੀ ਬੱਸ ਨੂੰ ਦੂਜੀ ਸੜਕ ਤੋਂ ਆ ਰਹੇ ਟਰੱਕ ਨੇ ਚੌਕ ਦੇ ਐਨ ਵਿਚਕਾਰ ਟੱਕਰ ਮਾਰੀ। ਜਸਕੀਰਤ ਸਿੱਧੂ ਨੇ ਖਤਰਨਾਕ ਡਰਾਈਵਿੰਗ ਦੇ ਦੋਸ਼ ਕਬੂਲ ਕਰ ਲਏ ਅਤੇ ਉਸ ਨੂੰ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਪਿਛਲੇ ਸਾਲ ਜਸਕੀਰਤ ਸਿੱਧੂ ਪੈਰੋਲ ’ਤੇ ਜੇਲ ਤੋਂ ਬਾਹਰ ਆ ਗਿਆ।