ਪੰਜਾਬ ਦੀ ਸਿਆਸਤ ਵਿੱਚ ਡੇਰਾ ਬਾਬਾ ਨਾਨਕ ਹਲਕੇ ਤੋਂ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਅਮਨਦੀਪ ਕੌਰ ਨੇ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਤੋਂ ਤਿੰਨ ਦਿਨ ਪਹਿਲਾਂ ਪਰਤੀ ਅਮਨਦੀਪ ਨੇ 18 ਅਕਤੂਬਰ ਨੂੰ ਹਲਕੇ ਦੇ ਪਿੰਡ ਸਰਫਕੋਟ ਵਿੱਚ ਆਪਣੇ ਸਿਆਸੀ ਇਰਾਦੇ ਸਪੱਸ਼ਟ ਕੀਤੇ। ਹਾਲਾਂਕਿ, ਉਨ੍ਹਾਂ ਨੇ ਅਜੇ ਇਹ ਨਹੀਂ ਦੱਸਿਆ ਕਿ ਉਹ ਕਿਸੇ ਸਿਆਸੀ ਪਾਰਟੀ ਦੀ ਟਿਕਟ ’ਤੇ ਚੋਣ ਲੜਨਗੇ ਜਾਂ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰਨਗੇ।

ਅਮਨਦੀਪ ਕੌਰ ਨੇ ਕਿਹਾ ਕਿ ਉਹ ਡੇਰਾ ਬਾਬਾ ਨਾਨਕ ਦੀ ਧੀ ਵੀ ਹਨ ਅਤੇ ਨੂੰਹ ਵੀ। ਇਸ ਲਈ ਆਪਣੇ ਇਲਾਕੇ ਅਤੇ ਘਰ ਦੀ ਸੇਵਾ ਕਰਨਾ ਉਨ੍ਹਾਂ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਮੁਤਾਬਕ, ਹੁਣ ਉਹ ਪੱਕੇ ਤੌਰ ’ਤੇ ਇੱਥੇ ਰਹਿ ਕੇ ਲੋਕਾਂ ਵਿਚਕਾਰ ਕੰਮ ਕਰਨਗੇ।

‘ਮੇਰੇ ਪਤੀ ਜੱਗੂ ਨਹੀਂ, ਜਗਦੀਪ ਸਿੰਘ ਅਠਵਾਲ ਹਨ’

ਆਪਣੇ ਪਤੀ ’ਤੇ ਲੱਗੇ ਗੈਂਗਸਟਰ ਦੇ ਟੈਗ ਬਾਰੇ ਗੱਲ ਕਰਦਿਆਂ ਅਮਨਦੀਪ ਕੌਰ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਜਦੋਂ ਲੋਕ ਉਨ੍ਹਾਂ ਦੇ ਪਤੀ ਨੂੰ ਜੱਗੂ ਭਗਵਾਨਪੁਰੀਆ ਕਹਿੰਦੇ ਹਨ, ਤਾਂ ਇਸ ਨਾਲ ਉਨ੍ਹਾਂ ਨੂੰ ਦੁੱਖ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਤੀ ਦਾ ਨਾਂ ਜਗਦੀਪ ਸਿੰਘ ਅਠਵਾਲ ਹੈ ਅਤੇ ਕੋਈ ਵੀ ਵਿਅਕਤੀ ਜਨਮ ਤੋਂ ਗੈਂਗਸਟਰ ਨਹੀਂ ਹੁੰਦਾ।

ਅਮਨਦੀਪ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਇੱਕ ਆਮ ਇਨਸਾਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਅਤੇ ਗੈਂਗਸਟਰ ਵਾਲਾ ਟੈਗ ਖ਼ਤਮ ਹੋਣਾ ਚਾਹੀਦਾ ਹੈ।

ਜਦੋਂ ਉਨ੍ਹਾਂ ਨੂੰ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ, ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਵਰਗੇ ਸਿਆਸੀ ਚਿਹਰਿਆਂ ਨਾਲ ਮੁਕਾਬਲੇ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਇਹ ਆਗੂ ਉਨ੍ਹਾਂ ਤੋਂ ਸੀਨੀਅਰ ਹਨ ਅਤੇ ਪਿਤਾ ਸਮਾਨ ਹਨ। ਪਰ ਉਨ੍ਹਾਂ ਮੁਤਾਬਕ, ਕੋਈ ਵੀ ਵਿਅਕਤੀ ਜਨਮ ਤੋਂ ਵੱਡਾ ਸਿਆਸੀ ਆਗੂ ਨਹੀਂ ਹੁੰਦਾ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਦੇ ਲੋਕਾਂ ਤੋਂ ਮਿਲ ਰਹੇ ਪਿਆਰ ਅਤੇ ਸਮਰਥਨ ਨੇ ਉਨ੍ਹਾਂ ਦਾ ਸਿਆਸੀ ਹੌਸਲਾ ਵਧਾਇਆ ਹੈ।

ਸਿੱਖਿਆ, ਸਿਹਤ ਅਤੇ ਰੁਜ਼ਗਾਰ ਨੂੰ ਦੱਸਿਆ ਮੁੱਖ ਮੁੱਦਾ

ਅਮਨਦੀਪ ਕੌਰ ਨੇ ਡੇਰਾ ਬਾਬਾ ਨਾਨਕ ਨੂੰ ਸਰਹੱਦੀ ਅਤੇ ਪਛੜਿਆ ਇਲਾਕਾ ਦੱਸਦਿਆਂ ਸਿੱਖਿਆ ਤੇ ਸਿਹਤ ਸਹੂਲਤਾਂ ਦੀ ਘਾਟ ਦਾ ਮੁੱਦਾ ਚੁੱਕਿਆ। ਉਨ੍ਹਾਂ ਸਵਾਲ ਕੀਤਾ ਕਿ ਇੱਥੇ ਵਿਸ਼ਵ ਪੱਧਰ ਦੇ ਹਸਪਤਾਲ, ਸਕੂਲ ਅਤੇ ਕਾਲਜ ਕਿਉਂ ਨਹੀਂ ਬਣ ਸਕਦੇ। ਉਨ੍ਹਾਂ ਕਿਹਾ ਕਿ ਬਿਮਾਰ ਵਿਅਕਤੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਭੇਜਣ ਦੀ ਨੌਬਤ ਆਉਣਾ ਚਿੰਤਾ ਦਾ ਵਿਸ਼ਾ ਹੈ।

ਨਸ਼ਿਆਂ ਦੀ ਸਮੱਸਿਆ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਸਿਰਫ਼ ਨਸ਼ਿਆਂ ਵਿਰੁੱਧ ਨਾਅਰੇ ਲਾਉਣ ਨਾਲ ਹੱਲ ਨਹੀਂ ਨਿਕਲੇਗਾ। ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ਨਸ਼ਿਆਂ ਦੀ ਸਮੱਸਿਆ ਦੀ ਮੁੱਖ ਜੜ੍ਹ ਦੱਸਦਿਆਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤਾਂ ਉਨ੍ਹਾਂ ਨੂੰ ਬਿਹਤਰ ਭਵਿੱਖ ਦੇ ਮੌਕੇ ਮਿਲ ਸਕਣਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਚੇਅਰਮੈਨ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਪਿਛਲੇ ਛੇ ਮਹੀਨਿਆਂ ਤੋਂ ਗ਼ਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ, ਸ਼ਗਨ ਸਕੀਮ ਅਤੇ ਬੱਚਿਆਂ ਦੀ ਪੜ੍ਹਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸੇਵਾ ਦਾ ਕੰਮ ਚੋਣਾਂ ਤੋਂ ਬਾਅਦ ਵੀ ਜਾਰੀ ਰਹੇਗਾ।