ਮੱਧ ਪ੍ਰਦੇਸ਼: ਜਬਲਪੁਰ ਦੇ ਬਰਗੀ ਡੈਮ ਵਿੱਚ ਵਾਪਰਿਆ ਕਰੂਜ਼ ਹਾਦਸਾ ਹੁਣ ਸਿਰਫ਼ ਇੱਕ ਦੁਰਘਟਨਾ ਨਹੀਂ ਰਿਹਾ, ਸਗੋਂ ਰੂਹ ਕੰਬਾਊ ਮਨੁੱਖੀ ਤ੍ਰਾਸਦੀ ਬਣ ਗਿਆ ਹੈ। ਸ਼ੁੱਕਰਵਾਰ ਨੂੰ ਜਦੋਂ ਆਗਰਾ ਤੋਂ ਆਈ ਵਿਸ਼ੇਸ਼ ਗੋਤਾਖੋਰ ਟੀਮ ਨੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ, ਤਾਂ ਪਾਣੀ ਦੀਆਂ ਗਹਿਰਾਈਆਂ ਵਿੱਚ ਇੱਕ ਅਜਿਹਾ ਮੰਜ਼ਰ ਦੇਖਣ ਨੂੰ ਮਿਲਿਆ ਜਿਸ ਨੇ ਸਖ਼ਤ ਦਿਲ ਗੋਤਾਖੋਰਾਂ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ।

ਮਮਤਾ ਦੀ ਅਨੋਖੀ ਤੇ ਦਰਦਨਾਕ ਮਿਸਾਲ

ਡੁੱਬੇ ਹੋਏ ਕਰੂਜ਼ ਦੇ ਮਲਬੇ ਵਿੱਚੋਂ ਇੱਕ ਮਾਂ ਦੀ ਲਾਸ਼ ਬਰਾਮਦ ਹੋਈ, ਜਿਸ ਨੇ ਆਪਣੇ ਮਾਸੂਮ ਬੱਚੇ ਨੂੰ ਆਪਣੀ ਹਿੱਕ ਨਾਲ ਇੰਨੀ ਮਜ਼ਬੂਤੀ ਨਾਲ ਲਗਾ ਕੇ ਰੱਖਿਆ ਹੋਇਆ ਸੀ ਕਿ ਮੌਤ ਵੀ ਉਨ੍ਹਾਂ ਦੀ ਪਕੜ ਨੂੰ ਢਿੱਲੀ ਨਹੀਂ ਕਰ ਸਕੀ। ਰੈਸਕਿਊ ਟੀਮ ਦੇ ਮੈਂਬਰ ਨੇ ਦੱਸਿਆ ਕਿ ਜਦੋਂ ਉਹ ਕਰੂਜ਼ ਦੇ ਅੰਦਰ ਦਾਖਲ ਹੋਏ, ਤਾਂ ਉਨ੍ਹਾਂ ਨੂੰ ਮਾਂ-ਪੁੱਤ ਨੂੰ ਬਾਹਰ ਕੱਢਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਲਗਭਗ 12 ਘੰਟੇ ਤੱਕ ਉਹ ਮਾਂ ਆਪਣੇ ਜਿਗਰ ਦੇ ਟੁਕੜੇ ਨੂੰ ਆਪਣੀ ਬੁੱਕਲ ਵਿੱਚ ਲਪੇਟ ਕੇ ਪਾਣੀ ਦੇ ਅੰਦਰ ਹੀ ਸਮਾਈ ਰਹੀ। ਗੋਤਾਖੋਰਾਂ ਅਨੁਸਾਰ, ਅੰਦਰ ਪਾਣੀ ਬੇਹੱਦ ਗੰਧਲਾ ਸੀ ਅਤੇ ਲੋਹੇ ਦੀਆਂ ਰਾਡਾਂ ਵਿਚਕਾਰ ਫਸੀਆਂ ਇਨ੍ਹਾਂ ਲਾਸ਼ਾਂ ਨੂੰ ਬਾਹਰ ਕੱਢਣਾ ਸਭ ਤੋਂ ਭਾਵੁਕ ਪਲ ਸੀ।

ਆਗਰਾ ਤੋਂ ਪਹੁੰਚੀ ਪੈਰਾ-ਮਿਲਟਰੀ ਡਾਈਵਿੰਗ ਟੀਮ ਲਈ ਇਹ ਆਪ੍ਰੇਸ਼ਨ ਕਿਸੇ ਜੰਗ ਤੋਂ ਘੱਟ ਨਹੀਂ ਹੈ। ਕਰੂਜ਼ ਦਾ ਢਾਂਚਾ ਪੂਰੀ ਤਰ੍ਹਾਂ ਨਸ਼ਟ ਹੋ ਚੁੱਕਾ ਹੈ ਅਤੇ ਲੋਹੇ ਦੀਆਂ ਤਿੱਖੀਆਂ ਚਾਦਰਾਂ ਰਸਤੇ ਵਿੱਚ ਰੁਕਾਵਟ ਬਣ ਰਹੀਆਂ ਹਨ। ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਰਸਤਾ ਇੰਨਾ ਸੰਕਰਾ ਸੀ ਕਿ ਇੱਕ ਗੋਤਾਖੋਰ ਖ਼ੁਦ ਅੰਦਰ ਫਸ ਗਿਆ ਸੀ। ਹੁਣ ਟੀਮ ਹਥੌੜਿਆਂ ਅਤੇ ਗੈਸ ਕਟਰਾਂ ਦੀ ਮਦਦ ਨਾਲ ਮਲਬੇ ਨੂੰ ਤੋੜ ਕੇ ਅੰਦਰ ਫਸੇ ਹੋਰ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਲਾਪਰਵਾਹੀ ਨੇ ਲਈਆਂ ਜਾਨਾਂ: ਚਸ਼ਮਦੀਦ ਦਾ ਖੁਲਾਸਾ

ਹਾਦਸੇ ਵਿੱਚ ਵਾਲ-ਵਾਲ ਬਚੀ ਦਿੱਲੀ ਦੀ ਸੰਗੀਤਾ ਕੋਰੀ ਨੇ ਪ੍ਰਸ਼ਾਸਨ ਅਤੇ ਕਰੂਜ਼ ਪ੍ਰਬੰਧਕਾਂ ਦੀਆਂ ਗੰਭੀਰ ਲਾਪਰਵਾਹੀਆਂ ਦਾ ਪਰਦਾਫਾਸ਼ ਕੀਤਾ ਹੈ। ਉਸ ਨੇ ਦੱਸਿਆ ਕਿ ਜਦੋਂ ਸ਼ਾਮ 6 ਵਜੇ ਤੂਫਾਨ ਆਇਆ, ਤਾਂ ਕਿਸੇ ਵੀ ਸੈਲਾਨੀ ਨੇ ਲਾਈਫ ਜੈਕਟ ਨਹੀਂ ਪਹਿਨੀ ਸੀ ਕਿਉਂਕਿ ਉਨ੍ਹਾਂ ਨੂੰ ਜੈਕਟਾਂ ਦਿੱਤੀਆਂ ਹੀ ਨਹੀਂ ਗਈਆਂ ਸਨ। ਜਦੋਂ ਕਰੂਜ਼ ਵਿੱਚ ਪਾਣੀ ਭਰਨ ਲੱਗਾ, ਤਾਂ ਸਟੋਰ ਰੂਮ ਦਾ ਤਾਲਾ ਤੋੜ ਕੇ ਜੈਕਟਾਂ ਕੱਢੀਆਂ ਗਈਆਂ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਕਰੂਜ਼ ਪਲਟ ਗਿਆ ਸੀ। ਦੋਸ਼ ਹੈ ਕਿ ਚਾਲਕ ਨੇ ਸਥਾਨਕ ਲੋਕਾਂ ਦੀਆਂ ਚੇਤਾਵਨੀਆਂ ਨੂੰ ਵੀ ਅਣਸੁਣਾ ਕਰ ਦਿੱਤਾ ਸੀ।

ਤਾਜ਼ਾ ਸਥਿਤੀ: ਰੈਸਕਿਊ ਆਪ੍ਰੇਸ਼ਨ ਜਾਰੀ

ਸ਼ੁੱਕਰਵਾਰ ਸ਼ਾਮ ਤੱਕ 9 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 6 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਫੌਜ, ਐਨਡੀਆਰਐਫ (NDRF) ਅਤੇ ਹਾਈਡ੍ਰੌਲਿਕ ਮਸ਼ੀਨਾਂ ਰਾਹੀਂ ਰਾਹਤ ਕਾਰਜ ਚਲਾਏ ਜਾ ਰਹੇ ਹਨ। ਮੌਕੇ ‘ਤੇ ਮੱਧ ਪ੍ਰਦੇਸ਼ ਦੇ ਮੰਤਰੀ ਰਾਕੇਸ਼ ਸਿੰਘ ਅਤੇ ਧਰਮੇਂਦਰ ਲੋਧੀ ਖ਼ੁਦ ਮੌਜੂਦ ਹਨ ਅਤੇ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ। ਇਹ ਹਾਦਸਾ ਸੈਰ-ਸਪਾਟਾ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ, ਜਿੱਥੇ ਮਹਿਜ਼ ਕਮਾਈ ਦੇ ਚੱਕਰ ਵਿੱਚ ਮਨੁੱਖੀ ਜਾਨਾਂ ਨੂੰ ਜ਼ੋਖਮ ਵਿੱਚ ਪਾਇਆ ਜਾਂਦਾ ਹੈ।