ਤਲ ਅਵੀਵ: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਤਿੰਨ ਦਿਨਾਂ ਤੋਂ ਜਾਰੀ ਹੈ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਾਲਾਂਕਿ ਇਜ਼ਰਾਈਲ ਨੇ ਇਹ ਯੁੱਧ ਸ਼ੁਰੂ ਨਹੀਂ ਕੀਤਾ ਹੈ, ਪਰ ਉਹ ਇਸ ਨੂੰ ਖਤਮ ਜ਼ਰੂਰ ਕਰ ਦੇਵੇਗਾ। ਬੈਂਜਾਮਿਨ ਨੇਤਨਯਾਹੂ ਦੀ ਇਹ ਚਿਤਾਵਨੀ ਹਮਾਸ ਦੀ ਧਮਕੀ ਤੋਂ ਬਾਅਦ ਆਈ ਹੈ। ਹਮਾਸ ਨੇ ਧਮਕੀ ਦਿਤੀ ਸੀ ਕਿ ਜਦੋਂ ਵੀ ਇਜ਼ਰਾਈਲ ਬਿਨਾਂ ਚਿਤਾਵਨੀ ਦਿਤੇ ਫਲਸਤੀਨੀ ਘਰਾਂ ‘ਤੇ ਬੰਬ ਸੁੱਟੇਗਾ ਤਾਂ ਉਹ ਇਕ ਇਜ਼ਰਾਈਲੀ ਨਜ਼ਰਬੰਦ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ।
ਬੈਂਜਾਮਿਨ ਨੇਤਨਯਾਹੂ ਨੇ ਕਿਹਾ, “ਇਜ਼ਰਾਈਲ ਜੰਗ ਵਿਚ ਹੈ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ। ਇਹ ਸਾਡੇ ‘ਤੇ ਬਹੁਤ ਹੀ ਬੇਰਹਿਮ ਅਤੇ ਵਹਿਸ਼ੀ ਢੰਗ ਨਾਲ ਥੋਪੀ ਗਈ। ਹਾਲਾਂਕਿ ਇਜ਼ਰਾਈਲ ਨੇ ਇਹ ਯੁੱਧ ਸ਼ੁਰੂ ਨਹੀਂ ਕੀਤਾ ਸੀ, ਪਰ ਇਜ਼ਰਾਈਲ ਇਸ ਨੂੰ ਖਤਮ ਜ਼ਰੂਰ ਕਰੇਗਾ। ਕਿਸੇ ਸਮੇਂ ਯਹੂਦੀ ਲੋਕ ਰਾਜਹੀਣ, ਬੇਸਹਾਰਾ ਸਨ ਪਰ ਹੁਣ ਨਹੀਂ। ਹਮਾਸ ਸਮਝ ਜਾਵੇਗਾ ਕਿ ਉਸ ਨੇ ਸਾਡੇ ‘ਤੇ ਹਮਲਾ ਕਰਕੇ ਇਤਿਹਾਸਕ ਗਲਤੀ ਕੀਤੀ ਹੈ। ਅਸੀਂ ਉਹ ਕੀਮਤ ਵਸੂਲਾਂਗੇ ਜੋ ਹਮਾਸ ਅਤੇ ਇਜ਼ਰਾਈਲ ਦੇ ਹੋਰ ਦੁਸ਼ਮਣ ਆਉਣ ਵਾਲੇ ਦਹਾਕਿਆਂ ਤਕ ਯਾਦ ਰੱਖਣਗੇ।”
ਬੈਂਜਾਮਿਨ ਨੇਤਨਯਾਹੂ ਨੇ ਅੱਗੇ ਕਿਹਾ, “ਹਮਾਸ ਦੁਆਰਾ ਨਿਰਦੋਸ਼ ਇਜ਼ਰਾਈਲੀਆਂ ਵਿਰੁਧ ਕੀਤੇ ਗਏ ਬੇਰਹਿਮ ਹਮਲੇ ਹੈਰਾਨ ਕਰਨ ਵਾਲੇ ਹਨ। ਪ੍ਰਵਾਰਾਂ ਨੂੰ ਉਨ੍ਹਾਂ ਦੇ ਘਰਾਂ ‘ਚ ਵੜ ਕੇ ਮਾਰਨਾ, ਕਿਸੇ ਤਿਉਹਾਰ ‘ਤੇ ਸੈਂਕੜੇ ਨੌਜਵਾਨਾਂ ਨੂੰ ਮਾਰਨਾ, ਵੱਡੀ ਗਿਣਤੀ ‘ਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਅਗਵਾ ਕਰਨਾ ਹੈਰਾਨ ਕਰਨ ਵਾਲਾ ਹੈ। ਹਮਾਸ ਦੇ ਅਤਿਵਾਦੀਆਂ ਨੇ ਬੱਚਿਆਂ ਨੂੰ ਬੰਧਕ ਬਣਾ ਲਿਆ, ਸਾੜ ਦਿਤਾ ਅਤੇ ਉਨ੍ਹਾਂ ਨੂੰ ਮਾਰ ਦਿਤਾ”।

ਅਮਰੀਕਾ ਦਾ ਧੰਨਵਾਦ ਕਰਦੇ ਹੋਏ ਬੈਂਜਾਮਿਨ ਨੇਤਨਯਾਹੂ ਨੇ ਕਿਹਾ, “ਹਮਾਸ ਵਹਿਸ਼ੀ ਹੈ ਅਤੇ ISIS ਵੀ। ਵਿਸ਼ਵ ਸ਼ਕਤੀਆਂ ਨੂੰ ਹਮਾਸ ਨੂੰ ਹਰਾਉਣ ਵਿਚ ਇਜ਼ਰਾਈਲ ਦਾ ਸਮਰਥਨ ਕਰਨਾ ਚਾਹੀਦਾ ਹੈ। ਮੈਂ ਰਾਸ਼ਟਰਪਤੀ ਬਾਈਡਨ ਦੇ ਸਮਰਥਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਦੁਨੀਆ ਭਰ ਦੇ ਨੇਤਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਅੱਜ ਇਜ਼ਰਾਈਲ ਦੇ ਨਾਲ ਖੜ੍ਹੇ ਹਨ। ਮੈਂ ਅਮਰੀਕੀ ਲੋਕਾਂ ਅਤੇ ਕਾਂਗਰਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਜ਼ਰਾਈਲ ਸਿਰਫ਼ ਅਪਣੇ ਲੋਕਾਂ ਲਈ ਨਹੀਂ ਲੜ ਰਿਹਾ ਹੈ। ਇਹ ਹਰ ਉਸ ਦੇਸ਼ ਲਈ ਲੜ ਰਿਹਾ ਹੈ ਜੋ ਬਰਬਾਦੀ ਵਿਰੁਧ ਖੜ੍ਹਾ ਹੈ। ਇਜ਼ਰਾਈਲ ਇਹ ਜੰਗ ਜਿੱਤੇਗਾ ਅਤੇ ਜਦੋਂ ਇਜ਼ਰਾਈਲ ਜਿੱਤੇਗਾ, ਤਾਂ ਸਾਰੀ ਦੁਨੀਆਂ ਜਿੱਤ ਜਾਵੇਗੀ”।