ਇਸਲਾਮਾਬਾਦ : ਈਰਾਨ ਅਤੇ ਅਮਰੀਕਾ ਵਿਚਕਾਰ ਜਾਰੀ ਤਣਾਅ ਦੇ ਵਿਚਕਾਰ ਸ਼ਾਂਤੀ ਵਾਰਤਾ ਦਾ ਦੂਜਾ ਦੌਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ, ਪਰ ਦੋਵਾਂ ਦੇਸ਼ਾਂ ਦੇ ਕੌੜੇ ਰਵੱਈਏ ਨੇ ਇਸ ‘Peace Talks’ ਦੀ ਸਫਲਤਾ ‘ਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਇੱਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਨਾਲ ਸਿੱਧੀ ਗੱਲਬਾਤ ਕਰਨ ਦੀ ਇੱਛਾ ਜਤਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਈਰਾਨੀ ਫੌਜ ਨੇ ਕਿਸੇ ਵੀ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਪੂਰੀ ਤਿਆਰੀ ਕਰ ਲਈ ਹੈ। ਇਸ ਮਾਹੌਲ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਇਹ ਜੰਗਬੰਦੀ ਬਹੁਤੀ ਦੇਰ ਤੱਕ ਨਹੀਂ ਟਿਕੇਗੀ।
ਈਰਾਨੀ ਫੌਜ ਦੇ ਸੀਨੀਅਰ ਕਮਾਂਡਰ ਅਤੇ ਖਾਤਮ ਅਲ-ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਮੁਖੀ, ਮੇਜਰ ਜਨਰਲ ਅਲੀ ਅਬਦੁੱਲਾਹੀ ਨੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੀ ਸਥਾਪਨਾ ਦੀ ਵਰ੍ਹੇਗੰਢ ‘ਤੇ ਇੱਕ ਬਹੁਤ ਹੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਈਰਾਨ ਦੀਆਂ ‘Strategic Capabilities’ ‘ਤੇ ਮਾਣ ਪ੍ਰਗਟ ਕਰਦਿਆਂ ਦਾਅਵਾ ਕੀਤਾ ਕਿ ਅਮਰੀਕਾ ਅਤੇ ਇਜ਼ਰਾਈਲ ‘ਤੇ ਈਰਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਦਾ ਇੰਨਾ ਜ਼ਿਆਦਾ ਦਬਾਅ ਬਣਿਆ ਹੈ ਕਿ ਉਨ੍ਹਾਂ ਨੂੰ ਮਜਬੂਰੀ ਵਿੱਚ ਜੰਗਬੰਦੀ ਲਈ ਭੀਖ ਮੰਗਣੀ ਪਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਈਰਾਨੀ ਫੌਜ ਸੁਪਰੀਮ ਕਮਾਂਡਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਦੁਸ਼ਮਣ ਦੀ ਕਿਸੇ ਵੀ ਕਾਰਵਾਈ ਦਾ ਫੈਸਲਾਕੁੰਨ ਅਤੇ ਤੁਰੰਤ ਜਵਾਬ ਦੇਣ ਲਈ ਤਿਆਰ ਹੈ।
ਅਬਦੁੱਲਾਹੀ ਨੇ ਅਮਰੀਕੀ ਰਾਸ਼ਟਰਪਤੀ ਦੇ ਦਾਅਵਿਆਂ ਨੂੰ ‘ਗੁੰਮਰਾਹਕੁੰਨ’ ਕਰਾਰ ਦਿੰਦਿਆਂ ਕਿਹਾ ਕਿ ਉਹ ਫੌਜੀ ਟਕਰਾਅ ਦੌਰਾਨ ਸ਼ਾਂਤੀ ਦੇ ਸਮੇਂ ਦੀ ਦੁਰਵਰਤੋਂ ਕਰਕੇ ਜ਼ਮੀਨੀ ਹਕੀਕਤ ਨੂੰ ਲੁਕਾਉਣ ਦੀ ਇਜਾਜ਼ਤ ਨਹੀਂ ਦੇਣਗੇ, ਖਾਸ ਕਰਕੇ ਹੋਰਮੁਜ਼ ਜਲਡਮਰੂ ਦੇ ਪ੍ਰਬੰਧਨ ਨੂੰ ਲੈ ਕੇ। ਉਨ੍ਹਾਂ ਨੇ ਅਮਰੀਕਾ ਨੂੰ ਇੱਕ ਸਿੱਧੀ ‘Warning’ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਸ਼ਾਂਤੀ ਸਮਝੌਤੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕੀਤੀ ਗਈ, ਤਾਂ ਈਰਾਨ ਉਸਦਾ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਭਿਆਨਕ ਜਵਾਬ ਦੇਵੇਗਾ। ਈਰਾਨ ਦੇ ਇਸ ਸਖ਼ਤ ਰੁਖ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਵੇਂ ਦੋਵੇਂ ਮੁਲਕ ਮੇਜ਼ ‘ਤੇ ਬੈਠਣ ਲਈ ਤਿਆਰ ਹਨ, ਪਰ ਹਥਿਆਰ ਅਜੇ ਵੀ ਪੂਰੀ ਤਰ੍ਹਾਂ ਤਿਆਰ ਹਨ।














