ਤਹਿਰਾਨ : ਈਰਾਨ ਨੇ ਹੋਮੁਰਜ਼ ਸਟ੍ਰੇਟ ਨੂੰ ਦੁਬਾਰਾ ਬੰਦ ਕਰ ਦਿੱਤਾ ਹੈ। ਈਰਾਨੀ ਫ਼ੌਜ ਨੇ ਇਸ ਸਮੁੰਦਰੀ ਰਸਤੇ ‘ਤੇ ਫਿਰ ਤੋਂ ਸਖ਼ਤ ਪਹਿਰਾ ਲਾਗੂ ਕਰ ਦਿੱਤਾ ਹੈ। ਈਰਾਨ ਦੇ ਮਿਲਟਰੀ ਕਮਾਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਾਸ਼ਿੰਗਟਨ ਨੇ ਈਰਾਨ ਦੇ ਬੰਦਰਗਾਹਾਂ ਤੋਂ ਆਉਣ-ਜਾਣ ਵਾਲੇ ਜਹਾਜ਼ਾਂ ‘ਤੇ ਆਪਣੀ ਸਮੁੰਦਰੀ ਨਾਕਾਬੰਦੀ ਜਾਰੀ ਰੱਖ ਕੇ ਆਪਣਾ ਵਾਅਦਾ ਤੋੜਿਆ ਹੈ।
ਬਿਆਨ ਵਿੱਚ ਕਿਹਾ ਗਿਆ, “ਜਦੋਂ ਤੱਕ ਅਮਰੀਕਾ ਈਰਾਨ ਆਉਣ-ਜਾਣ ਵਾਲੇ ਸਾਰੇ ਜਹਾਜ਼ਾਂ ਦੀ ਆਵਾਜਾਈ ਦੀ ਆਜ਼ਾਦੀ ਬਹਾਲ ਨਹੀਂ ਕਰ ਦਿੰਦਾ, ਉਦੋਂ ਤੱਕ ਹੋਮੁਰਜ਼ ਸਟ੍ਰੇਟ ਵਿੱਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਰਹੇਗੀ।”
ਲੇਬਨਾਨ ਵਿੱਚ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਤੋਂ ਬਾਅਦ ਈਰਾਨ ਨੇ ਸਦਭਾਵਨਾ ਦਿਖਾਉਂਦੇ ਹੋਏ ਹੋਮੁਰਜ਼ ਖੋਲ੍ਹਣ ਦਾ ਐਲਾਨ ਕੀਤਾ ਸੀ। ਪਰ ਸ਼ਨੀਵਾਰ ਦੀ ਸਵੇਰ ਹੁੰਦੇ-ਹੁੰਦੇ ਸਥਿਤੀ ਬਦਲ ਗਈ। ਈਰਾਨੀ ਸਰਕਾਰੀ ਟੀਵੀ ਨੇ ਫ਼ੌਜੀ ਕਮਾਨ ਦੇ ਹਵਾਲੇ ਨਾਲ ਕਿਹਾ ਕਿ ਹੋਮੁਰਜ਼ ਸਟ੍ਰੇਟ ਹੁਣ ਫਿਰ ਤੋਂ ਆਪਣੀ ਪੁਰਾਣੀ ਸਥਿਤੀ ਵਿੱਚ ਪਰਤ ਆਇਆ ਹੈ, ਯਾਨੀ ਹੋਮੁਰਜ਼ ਦੁਬਾਰਾ ਬੰਦ ਕੀਤਾ ਜਾ ਚੁੱਕਾ ਹੈ। ਈਰਾਨ ਨੇ ਕਿਹਾ ਕਿ ਹੁਣ ਹੋਮੁਰਜ਼ ਹਥਿਆਰਬੰਦ ਸੈਨਾਵਾਂ ਦੇ ਸਖ਼ਤ ਪ੍ਰਬੰਧਨ ਹੇਠ ਹੈ।
ਈਰਾਨੀ ਬਿਆਨ ਵਿੱਚ ਕਿਹਾ ਗਿਆ ਹੈ ਕਿ “ਜਦੋਂ ਤੱਕ ਸੰਯੁਕਤ ਰਾਜ ਅਮਰੀਕਾ ਈਰਾਨ ਤੋਂ ਆਉਣ-ਜਾਣ ਵਾਲੇ ਜਹਾਜ਼ਾਂ ਲਈ ਪੂਰੀ ਜਲ-ਆਵਾਜਾਈ ਦੀ ਆਜ਼ਾਦੀ ਬਹਾਲ ਨਹੀਂ ਕਰਦਾ, ਉਦੋਂ ਤੱਕ ਹੋਮੁਰਜ਼ ਜਲਡਮਰੂਮੱਧ ਦੀ ਸਥਿਤੀ ਸਖ਼ਤੀ ਨਾਲ ਨਿਯੰਤਰਿਤ ਅਤੇ ਆਪਣੀ ਪੁਰਾਣੀ ਸਥਿਤੀ ਵਿੱਚ ਹੀ ਰਹੇਗੀ।” IRGC ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੀ ਨਾਕਾਬੰਦੀ ਈਰਾਨ ਦੇ ਆਰਥਿਕ ਹਿੱਤਾਂ ਅਤੇ ਖੇਤਰੀ ਪ੍ਰਭੂਸੱਤਾ ‘ਤੇ ਸਿੱਧਾ ਹਮਲਾ ਹੈ।
ਹੋਮੁਰਜ਼ ਸਟ੍ਰੇਟ ਦਾ ਬੰਦ ਹੋਣਾ ਵਿਸ਼ਵ ਅਰਥਵਿਵਸਥਾ ਲਈ ਕਿਸੇ ਮਾੜੇ ਸੁਪਨੇ ਤੋਂ ਘੱਟ ਨਹੀਂ ਹੈ। ਦੁਨੀਆ ਦੇ ਕੁੱਲ ਤੇਲ ਭੰਡਾਰ ਦਾ ਲਗਭਗ ਪੰਜਵਾਂ ਹਿੱਸਾ (ਕਰੀਬ 20 ਪ੍ਰਤੀਸ਼ਤ) ਇਸੇ ਤੰਗ ਰਸਤੇ ਰਾਹੀਂ ਗੁਜ਼ਰਦਾ ਹੈ। ਪਿਛਲੇ ਦੋ ਮਹੀਨਿਆਂ ਤੋਂ ਜਾਰੀ ਇਸ ਜੰਗ ਅਤੇ ਨਾਕਾਬੰਦੀ ਕਾਰਨ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ ਅਤੇ ਕਈ ਦੇਸ਼ਾਂ ਵਿੱਚ ਈਂਧਨ ਦੀ ਸਪਲਾਈ ਪ੍ਰਭਾਵਿਤ ਹੋਈ ਹੈ।














