ਨਵੀ ਦਿੱਲੀ : ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਅਤੇ ਈਰਾਨ-ਇਜ਼ਰਾਈਲ-ਅਮਰੀਕਾ ਜੰਗ ਦੇ ਵਿਚਕਾਰ ਭਾਰਤ ਨੂੰ ਇੱਕ ਵੱਡੀ ਕੂਟਨੀਤਕ ਸਫਲਤਾ ਹਾਸਲ ਹੋਈ ਹੈ। ਦਾਅਵਾ ਕੀਤਾ ਗਿਆ ਹੈ ਕਿ ਈਰਾਨ ਨੇ ਭਾਰਤੀ ਝੰਡੇ ਵਾਲੇ ਤੇਲ ਟੈਂਕਰਾਂ ਨੂੰ ਰਣਨੀਤਕ ਤੌਰ ‘ਤੇ ਮਹੱਤਵਪੂਰਨ ‘ਹੋਰਮੁਜ਼ ਦੇ ਜਲਡਮਰੂ’ ਤੋਂ ਸੁਰੱਖਿਅਤ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਘਟਨਾਕ੍ਰਮ ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਆਰਾਘਚੀ ਵਿਚਕਾਰ ਹੋਈ ਉੱਚ-ਪੱਧਰੀ ਗੱਲਬਾਤ ਤੋਂ ਬਾਅਦ ਸਾਹਮਣੇ ਆਇਆ ਹੈ।

ਸੂਤਰਾਂ ਅਨੁਸਾਰ ਘੱਟੋ-ਘੱਟ 2 ਭਾਰਤੀ ਟੈਂਕਰਾਂ, ਪੁਸ਼ਪਕ ਅਤੇ ਪਰੀਮਲ ਦੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਜਲਡਮਰੂ (ਸਟਰੇਟ) ਤੋਂ ਸੁਰੱਖਿਅਤ ਲੰਘਣ ਦੀ ਖ਼ਬਰ ਹੈ, ਜਦਕਿ ਅਮਰੀਕਾ, ਯੂਰਪ ਅਤੇ ਇਜ਼ਰਾਈਲ ਦੇ ਜਹਾਜ਼ਾਂ ‘ਤੇ ਅਜੇ ਵੀ ਰੋਕ ਲੱਗੀ ਹੋਈ ਹੈ। ਸਾਊਦੀ ਅਰਬ ਦਾ ਕੱਚਾ ਤੇਲ ਲੈ ਕੇ ਜਾ ਰਿਹਾ ਇੱਕ ਲਾਈਬੇਰੀਆ ਦੇ ਝੰਡੇ ਵਾਲਾ ਟੈਂਕਰ, ਜਿਸਦਾ ਕੈਪਟਨ ਇੱਕ ਭਾਰਤੀ ਸੀ, ਉਹ ਵੀ 2 ਦਿਨ ਪਹਿਲਾਂ ਹੋਰਮੁਜ਼ ਸਟਰੇਟ ਤੋਂ ਗੁਜ਼ਰਿਆ ਅਤੇ ਮੁੰਬਈ ਪੋਰਟ ‘ਤੇ ਰੁਕਿਆ। ਇਹ ਭਾਰਤ ਜਾਣ ਵਾਲਾ ਪਹਿਲਾ ਜਹਾਜ਼ ਬਣ ਗਿਆ ਹੈ ਜੋ ਇਸ ਜਲ ਮਾਰਗ ਤੋਂ ਸੁਰੱਖਿਅਤ ਲੰਘਿਆ ਹੈ। ਅਮਰੀਕਾ ਅਤੇ ਇਜ਼ਰਾਈਲ ਦੇ ਈਰਾਨ ‘ਤੇ ਹਮਲੇ ਤੋਂ ਬਾਅਦ ਇੱਥੇ ਸਮੁੰਦਰੀ ਟ੍ਰੈਫਿਕ ਲਗਭਗ ਰੁਕ ਗਿਆ ਹੈ।

ਦੱਸ ਦਈਏ ਕਿ ਹੋਰਮੁਜ਼ ਜਲਡਮਰੂ (Strait of Hormuz) ਈਰਾਨ ਅਤੇ ਓਮਾਨ ਦੇ ਵਿਚਕਾਰ ਲਗਭਗ 55 ਕਿਲੋਮੀਟਰ ਚੌੜਾ ਸਮੁੰਦਰੀ ਮਾਰਗ ਹੈ, ਜੋ ਫ਼ਾਰਸ ਦੀ ਖਾੜੀ ਨੂੰ ਅਰਬ ਸਾਗਰ ਨਾਲ ਜੋੜਦਾ ਹੈ। ਇਹ ਦੁਨੀਆ ਦੇ ਸਭ ਤੋਂ ਵਿਅਸਤ ਅਤੇ ਰਣਨੀਤਕ ਸਮੁੰਦਰੀ ਮਾਰਗਾਂ ਵਿੱਚੋਂ ਇੱਕ ਹੈ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਸ਼ੁਰੂ ਹੋਇਆ ਸੰਘਰਸ਼ ਹੁਣ 12ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਲਗਾਤਾਰ ਵਧਦੇ ਤਣਾਅ ਕਾਰਨ ਖੇਤਰ ਵਿੱਚ ਸਮੁੰਦਰੀ ਆਵਾਜਾਈ ਲਗਭਗ ਠੱਪ ਹੋ ਗਈ ਹੈ ਅਤੇ ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਿਆ ਜਾ ਰਿਹਾ ਹੈ।

ਈਰਾਨ ਨੇ ਇਸ ਦੌਰਾਨ ਹੋਰਮੁਜ਼ ਤੋਂ ਗੁਜ਼ਰਨ ਵਾਲੇ ਜਹਾਜ਼ਾਂ ‘ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਤੇਹਰਾਨ ਦਾ ਕਹਿਣਾ ਹੈ ਕਿ ਸਿਰਫ਼ ਉਹੀ ਜਹਾਜ਼ ਸੁਰੱਖਿਅਤ ਰੂਪ ਵਿੱਚ ਲੰਘ ਸਕਦੇ ਹਨ ਜੋ ਅਮਰੀਕਾ ਅਤੇ ਇਜ਼ਰਾਈਲ ਦੇ ਹਿੱਤਾਂ ਨਾਲ ਜੁੜੇ ਹੋਏ ਨਹੀਂ ਹਨ।