ਮੁੰਬਈ : ਦੁਨੀਆ ਦੀ ਸਭ ਤੋਂ ਮਸ਼ਹੂਰ ਅਤੇ ਮਹਿੰਗੀ ਕ੍ਰਿਕਟ ਲੀਗ ਆਈ. ਪੀ. ਐੱਲ. ਦੀ ਬ੍ਰੈਂਡ ਕੀਮਤ ‘ਚ ਕਾਫੀ ਵਾਧਾ ਹੋਇਆ ਹੈ ਅਤੇ ਇਸ ਸਮੇਂ ਇਹ ਲੀਗ 6.3 ਅਰਬ ਡਾਲਰ ਦਾ ਬ੍ਰੈਂਡ ਬਣ ਚੁੱਕੀ ਹੈ। ਸੰਸਾਰਿਕ ਸਲਾਹਕਾਰ ਕੰਪਨੀ ਡੈਫ ਐਂਡ ਫੇਲਪਸ ਨੇ ਆਈ. ਪੀ. ਐੱਲ. ਨੂੰ ਲੈ ਕੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਜਿਸ ‘ਚ ਆਈ.ਪੀ. ਐੱਲ. ਪਿਛਲੇ ਸਾਲ 5.3 ਅਰਬ ਡਾਲਰ ਦੇ ਮੁਕਾਬਲੇ ਵਧ ਕੇ 6.3 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਕ੍ਰਿਕਟ ਲੀਗ ਦੁਨੀਆ ‘ਚ ਕਿੰਨੀ ਮਸ਼ਹੂਰ ਹੋ ਚੁੱਕੀ ਹੈ ਅਤੇ ਇਸ ‘ਚ ਕਿੰਨੀ ਬੇਸ਼ੁਮਾਰ ਦੌਲਤ ਹੈ। ਤਿਨ ਵਾਰ ਆਈ. ਪੀ. ਐੱਲ. ਚੈਂਪੀਅਨ ਰਹੀ ਮੁੰਬਈ ਇੰਡੀਅਨਸ ਦੀ ਬ੍ਰੈਂਡ ਕੀਮਤ ‘ਚ 7 ਫੀਸਦੀ ਵਾਧਾ ਹੋਇਆ ਹੈ ਅਤੇ ਹੁਣ ਇਹ 10.3 ਕਰੋੜ ਡਾਲਰ ਤੋਂ 11.3 ਕਰੋੜ ਡਾਲਰ ਤੱਕ ਪਹੁੰਚ ਚੁੱਕੀ ਹੈ। ਮੁੰਬਈ ਟੀਮ ਨੇ ਲਗਾਤਾਰ ਤੀਜੇ ਸਾਲ ਇਸ ਸੂਚੀ ‘ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਮੁੰਬਈ ਦੇ ਬਾਅਦ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਟੀਮ ਕੇ. ਕੇ. ਆਰ. ਦਾ ਨੰਬਰ ਆਉਂਦਾ ਹੈ ਜਿਸ ਦੀ ਬ੍ਰੈਂਡ ਕੀਮਤ 5 ਫੀਸਦੀ ਵੱਧ ਕੇ 9.9 ਕਰੋੜ ਡਾਲਰ ਤੋਂ 10.4 ਕਰੋੜ ਡਾਲਰ ਤੱਕ ਪਹੁੰਚ ਗਈ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੰਜਰਜ਼ 11 ਫੀਸਦੀ ਦੇ ਵਾਧੇ ਨਾਲ 8.8 ਤੋਂ 9.8 ਕਰੋੜ ਡਾਲਰ ਤੱਕ ਪਹੁੰਚ ਗਈ ਹੈ। 2 ਸਾਲ ਤੋਂ ਬਾਹਰ ਰਹਿਣ ਦੇ ਬਾਅਦ 2018 ‘ਚ ਖਿਤਾਬ ਜਿੱਤਣ ਵਾਲੀ ਧੋਨੀ ਦੀ ਚੇਨਈ ਸੁਪਰ ਕਿੰਗਜ਼ ਦੀ ਬ੍ਰੈਂਡ ਕੀਮਤ ਹੁਣ 9.8 ਕਰੋੜ ਡਾਲਰ ਹੈ।