ਪਿਛਲੇ ਸਾਲ ਫ਼ੈਡਰਲ ਸਰਕਾਰ ਨੇ ਅਸਥਾਈ ਤੌਰ ‘ਤੇ 20 ਘੰਟੇ ਪ੍ਰਤੀ ਹਫ਼ਤੇ ਦੀ ਸੀਮਾ ਨੂੰ ਹਟਾ ਦਿੱਤਾ ਸੀ
ਕੈਨੇਡਾ ਵਿਚ ਕੁਝ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਹਿਮਾਇਤੀ ਹਫ਼ਤੇ ਵਿਚ ਸਿਰਫ਼ 20 ਘੰਟੇ ਹੀ ਕੰਮ ਕਰ ਸਕਣ ਦੀ ਵਿਵਸਥਾ ਨੂੰ ਪੱਕੇ ਤੌਰ ‘ਤੇ ਹਟਾਉਣ ਦੀ ਮੰਗ ਕਰ ਰਹੇ ਹਨ।
ਪਿਛਲੇ ਸਾਲ ਫ਼ੈਡਰਲ ਸਰਕਾਰ ਨੇ ਅਸਥਾਈ ਤੌਰ ‘ਤੇ (ਨਵੀਂ ਵਿੰਡੋ) 20 ਘੰਟੇ ਪ੍ਰਤੀ ਹਫ਼ਤੇ ਦੀ ਸੀਮਾ ਨੂੰ ਹਟਾ ਦਿੱਤਾ ਸੀ। ਇਹ ਪਾਇਲਟ ਪ੍ਰਾਜੈਕਟ ਜਿਸ ਤਹਿਤ ਕਰੀਬ 500,000 ਵਿਦਿਆਰਥੀ ਪ੍ਰਭਾਵਿਤ ਹੋਣਗੇ, ਇਸ ਸਾਲ ਸਮਾਪਤ ਹੋ ਰਿਹਾ ਹੈ।
ਸਸਕੈਚਵਨ ਯੂਨੀਵਰਸਿਟੀ ਦੇ ਵਿਦਿਆਰਥੀ, ਕ੍ਰੁਨਾਲ ਛਾਵੜਾ ਦਾ ਕਹਿਣਾ ਹੈ ਕਿ 40 ਘੰਟੇ ਪ੍ਰਤੀ ਹਫ਼ਤਾ ਕੰਮ ਕਰ ਸਕਣ ਕਰਕੇ ਇਹ ਸਾਲ ਉਸ ਲਈ ਪੈਸੇ ਪੱਖੋਂ ਬਿਹਤਰ ਰਿਹਾ ਅਤੇ ਉਹ ਆਪਣੀ ਫੀਸ ਭਰਨ ਦੇ ਯੋਗ ਹੋ ਸਕਿਆ।20 ਸਾਲ ਦੇ ਕ੍ਰੁਨਾਲ ਦਾ ਕਹਿਣਾ ਹੈ ਕਿ ਉਸ ਦੇ ਸਿਰ ਕਰੀਬ 40,000 ਡਾਲਰ ਦਾ ਲੋਨ ਸੀ ਜਿਸ ਚੋਂ ਉਸਨੇ ਫੁਲ ਟਾਈਮ ਕੰਮ ਕਰਕੇ 10,000 ਡਾਲਰ ਉਤਾਰ ਦਿੱਤੇ। ਪਰ ਹੁਣ ਫੁਲ-ਟਾਈਮ ਕੰਮ ਕਰ ਸਕਣ ਦਾ ਮੌਕਾ ਇਸ ਸਾਲ ਸਮਾਪਤ ਹੋ ਰਿਹਾ ਹੈ।
ਉਹ ਕਹਿੰਦਾ ਹੈ ਕਿ ਮਹਿੰਗਾਈ ਕਾਰਨ ਉਸਦੇ ਮਹੀਨੇ ਦਾ ਰਾਸ਼ਨ ਦਾ ਖ਼ਰਚਾ 100 ਡਾਲਰ ਤੋਂ ਵਧ ਕੇ 300 ਡਾਲਰ ਹੋ ਗਿਆ ਹੈ।
ਕ੍ਰੁਨਾਲ ਦੀ ਕਲਾਸਮੇਟ ਮੇਘਲ ਦਾ ਵੀ ਇਹੋ ਕਹਿਣਾ ਹੈ। ਮੇਘਲ ਦਾ ਕਹਿਣਾ ਹੈ ਕਿ ਇਸ ਸਮੇਂ ਵਿਦਿਆਰਥੀਆਂ ਵਿਚ ਡਾਢੀ ਅਨਿਸ਼ਚਿਤਤਾ ਹੈ ਅਤੇ ਉਹ ਜੱਦੋ-ਜਿਹਦ ਕਰ ਰਹੇ ਹਨ।
ਉਹ ਕਹਿੰਦੀ ਹੈ ਕਿ ਗੁਜ਼ਾਰਾ ਕਰਨਾ ਦਿਨ-ਬ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਅੰਤਰ ਰਾਸ਼ਟਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ 40 ਘੰਟੇ ਪ੍ਰਤੀ ਹਫ਼ਤਾ ਕੰਮ ਕਰ ਸਕਣ ਨਾਲ ਉਨ੍ਹਾਂ ਕੋਲ ਆਏ ਵਾਧੂ ਪੈਸਿਆਂ ਨਾਲ ਨਾ ਸਿਰਫ਼ ਫ਼ੀਸ ਵਿਚ ਮਦਦ ਹੋ ਜਾਂਦੀ ਹੈ, ਸਗੋਂ ਦੰਦਾਂ ਦੇ ਡਾਕਟਰ ਕੋਲ ਜਾਣ ਵਰਗੀਆਂ ਚੀਜ਼ਾਂ, ਜੋ ਇੰਸ਼ੋਰੈਂਸ ਵਿਚ ਕਵਰ ਨਹੀਂ ਹੁੰਦੀਆਂ, ਦਾ ਵੀ ਖ਼ਰਚਾ ਨਿਕਲ ਜਾਂਦਾ ਹੈ।
ਡੋਰਿਸ ਯੀਮ ਫ਼ਾਰਮੇਸੀ ਦੀ ਵਿਦਿਆਰਥਣ ਹੈ ਅਤੇ ਉਹ ਫ਼ਾਰਮੇਸੀ ਵਿਚ ਕੈਸ਼ੀਅਰ ਦੀ ਜੌਬ ਲੱਭ ਰਹੀ ਹੈ। ਪਰ ਫ਼ਾਰਮੇਸੀ ਵਾਲੇ ਫ਼ੁਲ-ਟਾਈਮ ਬੰਦਿਆਂ ਦੀ ਤਲਾਸ਼ ਵਿਚ ਹਨ। ਡੋਰਿਸ ਕਹਿੰਦੀ ਹੈ ਕਿ ਅਸਥਾਈ ਵਿਵਸਥਾ ਨੂੰ ਪੱਕਾ ਕੀਤੇ ਜਾਣ ਨਾਲ ਨਾ ਸਿਰਫ਼ ਅੰਤਰਰਾਸ਼ਟਰੀ ਵਿਦਿਆਰਥੀਆਂ ਸਗੋਂ ਰੁਜ਼ਗਾਰਦਾਤਾਵਾਂ ਨੂੰ ਵੀ ਲਾਭ ਹੋਵੇਗਾ।
ਸੋਮਵਾਰ ਨੂੰ ਭੇਜੇ ਗਏ ਇੱਕ ਈਮੇਲ ਬਿਆਨ ਵਿੱਚ, ਫੈਡਰਲ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਉਹ ਨੀਤੀ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਦੀ ਪ੍ਰਕਿਰਿਆ ਵਿੱਚ ਹੈ, ਜਿਸ ਵਿੱਚ ਇਹ ਸਮੀਖਿਆ ਵੀ ਸ਼ਾਮਲ ਹੈ ਕਿ ਕਿੰਨੇ ਯੋਗ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇਸਦਾ ਲਾਭ ਲਿਆ ਹੈ।
ਬਿਆਨ ਵਿੱਚ ਕਿਹਾ ਗਿਆ ਹੈ, ਕੈਂਪਸ ਤੋਂ ਬਾਹਰ ਕੰਮ ਲਈ 20-ਘੰਟਿਆਂ ਦੀ ਸੀਮਾ ਨੂੰ ਅਸਥਾਈ ਤੌਰ ‘ਤੇ ਹਟਾਉਣਾ ਕੈਨੇਡਾ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਿਹਾ ਹੈ।