ਔਟਵਾ, ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ, Baljinder Sekha) : ਲਿਬਰਲ ਸਰਕਾਰ ਅਸਥਾਈ ਤੌਰ ‘ਤੇ ਅੰਤਰਰਾਸ਼ਟਰੀ ਸਟੱਡੀ ਵੀਜ਼ਿਆਂ ਦੀ ਸੰਖਿਆ ਨੂੰ ਸੀਮਤ ਕਰਨ ਲਈ ਉਨਾਂ ਦੀ ਗਿਣਤੀ ਤੇ ਦੋ ਸਾਲ ਦਾ ਕੈਪ ਲਗਾ ਰਹੀ ਹੈ, ਸਰਕਾਰ ਮੁਤਾਬਕ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਕੈਨੇਡਾ ਵਿੱਚ ਰਿਹਾਇਸ਼ ਅਤੇ ਸਿਹਤ ਦੇਖਭਾਲ ਵਰਗੀਆਂ ਸੇਵਾਵਾਂ ‘ਤੇ ਅਸਰ ਪਾ ਰਹੀ ਹੈ।ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸੋਮਵਾਰ ਨੂੰ ਮਾਂਟਰੀਅਲ ਵਿੱਚ ਲਿਬਰਲਾਂ ਦੀ ਕੈਬਨਿਟ ਦੀ ਵਾਪਸੀ ਦੇ ਰਿਟ੍ਰੀਟ ਦੇ ਪਹਿਲੇ ਦਿਨ ਇਹ ਐਲਾਨ ਕੀਤਾ ਹੈ।

ਮਾਰਕ ਮਿਲਰ ਨੇ ਕਿਹਾ ਹੈ ਕਿ ਅਗਲੇ ਦੋ ਸਾਲਾਂ ਲਈ, ਔਟਵਾ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਰਮਿਟਾਂ ਦੀ ਗਿਣਤੀ ਨੂੰ ਇੱਕ ਤਿਹਾਈ ਤੋਂ ਵੱਧ ਸੀਮਤ ਕਰੇਗਾ। ਸਰਕਾਰ ਪਹਿਲੀ ਸਤੰਬਰ 2024 ਤੋਂ ਪ੍ਰਾਈਵੇਟ/ਪਬਲਿਕ ਪਾਰਟਨਰਸ਼ਿਪ ਵਾਲੇ ਸਕੂਲਾ ਦੇ ਵਿਦਿਆਰਥੀਆਂ ਲਈ ਉਪਨ ਵਰਕ ਪਰਮਿਟ ਬੰਦ ਕਰੇਗੀ ਤੇ ਕੇਵਲ ਮਾਸਟਰ ਜਾਂ ਡਾਕਟਰੇਲ ਪੜ੍ਹਾਈ ਲਈ ਆਉਣ ਵਾਲੇ ਹੀ ਆਪਣੇ ਸਪਾਉਸ ਲਈ ਉਪਨ ਵਰਕ ਪਰਮਿਟ ਲੈਣ ਦੇ ਯੋਗ ਹੋਣਗੇ।ਮਾਰਕ ਮਿਲਰ ਮੁਤਾਬਕ, “ਕੈਪ ਦੇ ਨਤੀਜੇ ਵਜੋਂ ਲਗਭਗ 364,000 ਪ੍ਰਵਾਨਿਤ ਅਧਿਐਨ ਪਰਮਿਟ ਮਿਲਣ ਦੀ ਉਮੀਦ ਹੈ, ਜੋ ਕਿ 2023 ਤੋਂ 35 ਪ੍ਰਤੀਸ਼ਤ ਘੱਟ ਹੋਣਗੇ ।” ਮਿਲਰ ਨੇ ਕਿਹਾ ਹੈ ਕਿ ਪ੍ਰੋਵਿੰਸਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੇ ਵੱਖ-ਵੱਖ ਪੱਧਰ ਹਨ, ਇਸ ਲਈ ਕੈਪ ਦਾ ਮਤਲਬ ਹੋਵੇਗਾ ਕਿ ਕੁਝ ਪ੍ਰੋਵਿੰਸ ਆਪਣੀ ਗਿਣਤੀ ਵਧਾ ਸਕਦੇ ਹਨ ਜਦੋਂ ਕਿ ਓਨਟਾਰੀਓ ਵਰਗੇ ਹੋਰਾਂ ਨੂੰ ਪ੍ਰੋਵਿੰਸਾ ਵਿੱਚ ਦਾਖਲੇ ਵਿੱਚ ਲਗਭਗ 50 ਪ੍ਰਤੀਸ਼ਤ ਦੀ ਕਟੌਤੀ ਹੋ ਸਕਦੀ ਹੈ।
ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 2022 ਵਿੱਚ 800,000 ਨੂੰ ਪਾਰ ਕਰ ਗਈ, ਜੋ ਕਿ 2015 ਵਿੱਚ ਉਨ੍ਹਾਂ ਦੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਦੁੱਗਣੇ ਤੋਂ ਵੀ ਵੱਧ ਹੈ। 2023 ਦੇ ਅੰਤ ਤੱਕ, ਸੰਖਿਆ ਹੋਰ ਵੀ ਵੱਧ ਗਈ ਸੀ। ਪਿਛਲੇ ਹਫ਼ਤੇ, ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਦ ਗਲੋਬ ਐਂਡ ਮੇਲ ਨੂੰ ਦੱਸਿਆ ਕਿ ਦਸੰਬਰ ਦੇ ਅੰਤ ਤੱਕ, ਕੈਨੇਡਾ ਵਿੱਚ 1,028,850 ਸਟੱਡੀ ਪਰਮਿਟ ਧਾਰਕ ਸਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਓਨਟਾਰੀਓ ਵਿੱਚ ਸਨ।