ਮੈਕਸੀਕੋ ਸਿਟੀ : ਮੈਕਸੀਕੋ ਵਿੱਚ ਸਥਿਤ ਪ੍ਰਸਿੱਧ ਪਿਰਾਮਿਡ ਸਥਾਨ ‘ਤੇ ਗੋਲੀਬਾਰੀ ਹੋਈ ਹੈ, ਜਿਸ ਵਿੱਚ ਇੱਕ ਕੈਨੇਡੀਅਨ ਮਹਿਲਾ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸੋਮਵਾਰ, 20 ਅਪ੍ਰੈਲ ਨੂੰ ਮੈਕਸੀਕੋ ਦੀ ਰਾਜਧਾਨੀ ਦੇ ਉੱਤਰ ਵਿੱਚ ਇਤਿਹਾਸਕ ਟੀਓਟੀਹੁਆਕਨ ਪਿਰਾਮਿਡਾਂ ਵਿੱਚੋਂ ਇੱਕ ਦੇ ਉੱਪਰ ਖੜ੍ਹੇ ਇੱਕ ਹਥਿਆਰਬੰਦ ਵਿਅਕਤੀ ਨੇ ਸੈਲਾਨੀਆਂ ‘ਤੇ ਗੋਲੀਬਾਰੀ ਕਰ ਦਿੱਤੀ। ਹਮਲਾਵਰ ਦੀ ਨਾਗਰਿਕਤਾ ਦਾ ਪਤਾ ਨਹੀਂ ਲੱਗ ਸਕਿਆ ਹੈ। ਉਸ ਨੇ ਉੱਥੇ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾਈਆਂ ਅਤੇ ਬਾਅਦ ਵਿੱਚ ਖੁਦ ਨੂੰ ਵੀ ਮਾਰ ਲਿਆ।
ਮੈਕਸੀਕੋ ਰਾਜ ਦੇ ਸੁਰੱਖਿਆ ਸਕੱਤਰ ਕ੍ਰਿਸਟੋਬਲ ਕਾਸਤਾਨੇਡਾ ਨੇ ਦੱਸਿਆ ਕਿ ਇਹ ਘਟਨਾ ਮੱਧ ਮੈਕਸੀਕੋ ਦੇ ਇਸ ਪ੍ਰਸਿੱਧ ਸੈਰ-ਸਪਾਟਾ ਸਥਾਨ ‘ਤੇ ਹੋਈ, ਜਿੱਥੇ ਪ੍ਰੀ-ਅਜ਼ਟੈਕ ਪਿਰਾਮਿਡ ਹਨ। ਛੇ ਲੋਕ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਇਲਾਜ ਦਿੱਤਾ ਗਿਆ। ਇਨ੍ਹਾਂ ਵਿੱਚ ਇੱਕ ਕੈਨੇਡੀਅਨ ਮਹਿਲਾ, ਇੱਕ ਕੋਲੰਬੀਆਈ ਮਹਿਲਾ ਅਤੇ ਬੱਚਾ, ਇੱਕ ਬ੍ਰਾਜ਼ੀਲ ਦਾ ਵਿਅਕਤੀ ਅਤੇ ਦੋ ਅਮਰੀਕੀ ਸ਼ਾਮਲ ਹਨ।
ਇਸ ਤੋਂ ਇਲਾਵਾ ਸੱਤ ਲੋਕ ਭਗਦੜ ਕਾਰਨ ਜ਼ਖਮੀ ਹੋਏ, ਜਿਨ੍ਹਾਂ ਦਾ ਇਲਾਜ ਮੌਕੇ ‘ਤੇ ਹੀ ਕੀਤਾ ਗਿਆ। ਇਨ੍ਹਾਂ ਵਿੱਚ ਇੱਕ ਰੂਸੀ, ਇੱਕ ਕੋਲੰਬੀਆਈ, ਇੱਕ ਬ੍ਰਾਜ਼ੀਲ ਦਾ ਅਤੇ ਚਾਰ ਅਮਰੀਕੀ ਸ਼ਾਮਲ ਹਨ। ਦੁਪਹਿਰ ਵੇਲੇ ਹੋਈ ਇਸ ਗੋਲੀਬਾਰੀ ਕਾਰਨ ਉੱਥੇ ਘੁੰਮਣ ਆਏ ਸੈਲਾਨੀ ਡਰ ਗਏ। ਇਹ ਘਟਨਾ 2026 ਵਰਲਡ ਕਪ ਸ਼ੁਰੂ ਹੋਣ ਤੋਂ ਦੋ ਮਹੀਨੇ ਪਹਿਲਾਂ ਹੋਈ ਹੈ, ਜਿਸ ਦੇ ਮੈਚ ਮੈਕਸੀਕੋ, ਅਮਰੀਕਾ ਅਤੇ ਕੈਨੇਡਾ ਵਿੱਚ ਹੋਣੇ ਹਨ।
ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਇਸ ਨੂੰ “ਬਹੁਤ ਹੀ ਭਿਆਨਕ ਗਨ ਵਾਇਲੈਂਸ ” ਦੱਸਿਆ ਹੈ। ਦੂਜੇ ਪਾਸੇ, ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੀਨਬੌਮ ਨੇ ਘਟਨਾ ਦੀ ਪੂਰੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਕਿ ਉਨ੍ਹਾਂ ਨੇ ਮਦਦ ਲਈ ਟੀਮ ਭੇਜ ਦਿੱਤੀ ਹੈ। ਉਨ੍ਹਾਂ ਕਿਹਾ, “ਟਿਓਟੀਹੁਆਕਨ ਵਿੱਚ ਜੋ ਹੋਇਆ, ਉਸ ਨਾਲ ਸਾਨੂੰ ਬਹੁਤ ਦੁੱਖ ਪਹੁੰਚਿਆ ਹੈ।”














