ਵਾਸ਼ਿੰਗਟਨ, -ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਜਿਸ ਪੁਲਿਸ ਅਧਿਕਾਰੀ ਦੀ ਕਾਰ ਨੇ ਇਕ ਭਾਰਤੀ ਵਿਦਿਆਰਥੀ ਨੂੰ ਟੱਕਰ ਮਾਰੀ ਸੀ, ਉਸ ਖ਼ਿਲਾਫ਼ ਕੋਈ ਵੀ ਅਪਰਾਧਿਕ ਕੇਸ ਨਹੀਂ ਚੱਲੇਗਾ।ਸਿਆਟਲ ਵਿੱਚ ਕਿੰਗ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਦੋਸ਼ੀ ਅਧਿਕਾਰੀ, ਕੇਵਿਨ ਡੇਵ ਵਿਰੁੱਧ ਕਿਸੇ ਵੀ ਦੋਸ਼ ਦੀ ਪੈਰਵੀ ਨਾ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰੀ ਵਕੀਲ ਦੇ ਦਫਤਰ ਦਾ ਕਹਿਣਾ ਹੈ ਕਿ ਪੁਖਤਾ ਸਬੂਤਾਂ ਦੀ ਘਾਟ ਕਾਰਨ ਅਧਿਕਾਰੀ ਵਿਰੁੱਧ ਕੇਸ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਉਹ ਹੁਣ ਕਿਸੇ ਅਪਰਾਧਿਕ ਦੋਸ਼ ਦਾ ਸਾਹਮਣਾ ਨਹੀਂ ਕਰੇਗਾ।ਜ਼ਿਕਰਯੋਗ ਹੈ ਕਿ ਪਿਛਲੇ ਸਾਲ 23 ਜਨਵਰੀ ਨੂੰ ਸਿਆਟਲ ‘ਚ ਸੜਕ ਪਾਰ ਕਰ ਰਹੀ ਇਕ ਭਾਰਤੀ ਵਿਦਿਆਰਥਣ ਜਾਨਵੀ ਕੰਦੂਲਾ ਨੂੰ ਪੁਲਿਸ ਅਧਿਕਾਰੀ ਕੇਵਿਨ ਡੇਵ ਦੀ ਕਾਰ ਨੇ ਟੱਕਰ ਮਾਰ ਦਿੱਤੀ ਸੀ ਅਤੇ ਇਸ 23 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਸੀ। ਹਾਦਸੇ ਵੇਲੇ ਕੇਵਿਨ ਦੀ ਕਾਰ ਦੀ ਰਫ਼ਤਾਰ 119 ਕਿਲੋਮੀਟਰ ਪ੍ਰਤੀ ਘੰਟਾ ਸੀ। ਜਾਨਵੀ ਨੂੰ ਕਾਰ ਨੇ ਟੱਕਰ ਮਾਰਨ ਤੋਂ ਬਾਅਦ 100 ਫੁੱਟ ਦੀ ਦੂਰੀ ਤੇ ਸੁੱਟ ਦਿੱਤਾ ਸੀ।ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਜਾਨਵੀ ਦੀ ਮੌਤ ਤੋਂ ਬਾਅਦ ਪੁਲਿਸ ਅਧਿਕਾਰੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਜਾਨਵੀ ਦੀ ਮੌਤ ‘ਤੇ ਬੇਖੌਫ ਹੱਸਦੇ ਹੋਏ ਨਜ਼ਰ ਆ ਰਹੇ ਸਨ। ਵੀਡੀਓ ‘ਚ ਉਹ ਫੋਨ ‘ਤੇ ਕਿਸੇ ਨਾਲ ਹੱਸਦੇ ਹੋਏ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ ਕਿ ਉਹ ਮਰ ਚੁੱਕੀ ਹੈ ਅਤੇ ਉਹ 26 ਸਾਲ ਦੀ ਸੀ ਇਸ ਲਈ ਉਸ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਸੀ। ਪੁਲਿਸ ਅਧਿਕਾਰੀ ਦੇ ਬੇਰਹਿਮ ਰਵੱਈਏ ਦੇ ਇਸ ਮਾਮਲੇ ਨੇ ਕਾਫੀ ਹੰਗਾਮਾ ਕੀਤਾ। ਜਾਨਵੀ ਨਾਰਥ ਈਸਟਰਨ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਕੋਰਸ ਕਰ ਰਹੀ ਸੀ ਅਤੇ ਇਸ ਸਾਲ ਦਸੰਬਰ ਵਿੱਚ ਗ੍ਰੈਜੂਏਟ ਹੋਣ ਵਾਲੀ ਸੀ। ਜਾਨਵੀ ਦੀ ਮਾਂ ਸਿੰਗਲ ਮਦਰ ਹੈ ਅਤੇ ਉਸ ਨੇ ਕਰਜ਼ਾ ਲੈ ਕੇ ਜਾਨਵੀ ਨੂੰ ਅਮਰੀਕਾ ਪੜ੍ਹਨ ਲਈ ਭੇਜਿਆ ਸੀ। ਸਰਕਾਰੀ ਵਕੀਲ ਲੀਜ਼ਾ ਮੈਨੀਅਨ ਨੇ ਕਿਹਾ ਕਿ ਕੰਦੂਲਾ ਦੀ ਮੌਤ ਦਿਲ ਦਹਿਲਾ ਦੇਣ ਵਾਲੀ ਸੀ ਅਤੇ ਦੁਨੀਆ ਭਰ ਵਿੱਚ ਇਸ ਦੇ ਪ੍ਰਭਾਵ ਸਨ, ਪਰ ਇਸ ਮਾਮਲੇ ਵਿੱਚ ਪੁਖਤਾ ਸਬੂਤਾਂ ਦੀ ਘਾਟ ਕਾਰਨ ਪੁਲਿਸ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।