ਭਾਰਤੀ ਹਵਾਈ ਫ਼ੌਜ (IAF) ਨੇ ਐਤਵਾਰ ਨੂੰ ਇਕ ਮਹੱਤਵਪੂਰਨ ਮੀਲ ਦਾ ਪੱਥਰ ਹਾਸਲ ਕੀਤਾ। ਹਰਕਿਊਲਿਸ ਜਹਾਜ਼ C-130J ਨੇ ਕਾਰਗਿਲ ਹਵਾਈ ਪੱਟੀ ‘ਤੇ ਪਹਿਲੀ ਵਾਰ ਰਾਤ ਨੂੰ ਲੈਂਡਿੰਗ ਕੀਤੀ ਹੈ। ਕਾਰਗਿਲ ਦੀ ਇਹ ਹਵਾਈ ਪੱਟੀ ਚਾਰੋਂ ਪਾਸਿਓਂ ਪਹਾੜੀਆਂ ਨਾਲ ਘਿਰੀ ਹੋਈ ਹੈ। ਅਜਿਹੇ ‘ਚ ਰਾਤ ਨੂੰ ਇਥੇ ਜਹਾਜ਼ ਦੀ ਲੈਂਡਿੰਗ ਕਰਨਾ ਬਹੁਤ ਮੁਸ਼ਕਲ ਸੀ ਪਰ ਇਸ ਮਿਸ਼ਨ ਨੇ ਚੁਣੌਤੀਪੂਰਨ ਮਾਹੌਲ ‘ਚ ਭਾਰਤੀ ਹਵਾਈ ਫ਼ੌਜ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ।
ਐਕਸ ‘ਤੇ ਇਕ ਪੋਸਟ ਵਿਚ, ਭਾਰਤੀ ਹਵਾਈ ਫ਼ੌਜ ਨੇ ਖੁਲਾਸਾ ਕੀਤਾ ਕਿ ਕਾਰਗਿਲ ਹਵਾਈ ਪੱਟੀ ‘ਤੇ ਨਾਈਟ ਲੈਂਡਿੰਗ ਦੌਰਾਨ ਟੇਰੇਨ ਮਾਸਕਿੰਗ ਕੀਤੀ ਗਈ ਸੀ। ਭਾਰਤੀ ਹਵਾਈ ਫ਼ੌਜ ਨੇ ਕਿਹਾ ਕਿ ਇਸ ਅਭਿਆਸ ਨੇ ਗਰੁੜ ਕਮਾਂਡੋਜ਼ ਦੇ ਸਿਖਲਾਈ ਮਿਸ਼ਨ ਵਿਚ ਵੀ ਮਦਦ ਕੀਤੀ।
ਭਾਰਤੀ ਬਲ ਅਪਣੀ ਸਮਰੱਥਾ ਵਧਾ ਰਹੇ ਹਨ। ਹਵਾਈ ਫ਼ੌਜ ਭਾਰਤੀ ਸਰਹੱਦਾਂ ‘ਤੇ ਦਿਨ ਵੇਲੇ ਹੀ ਨਹੀਂ ਰਾਤ ਨੂੰ ਵੀ ਚੌਕਸੀ ਵਧਾ ਰਹੀ ਹੈ। ਇਹੀ ਕਾਰਨ ਸੀ ਕਿ ਪਹਿਲੀ ਵਾਰ ਕਾਰਗਿਲ ਹਵਾਈ ਪੱਟੀ ‘ਤੇ ਹਵਾਈ ਫ਼ੌਜ ਦੇ ਹਰਕਿਊਲਿਸ ਜਹਾਜ਼ ਨੂੰ ਰਾਤ ਨੂੰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ‘ਚ ਉਹ ਸਫਲ ਵੀ ਰਿਹਾ।
ਦਰਅਸਲ, ਹਵਾਈ ਫ਼ਜ ਦਾ ਇਹ ਮਿਸ਼ਨ ਉਸ ਅਭਿਆਸ ਦਾ ਹਿੱਸਾ ਸੀ ਜਿਸ ਵਿਚ ਕਮਾਂਡੋਜ਼ ਨੂੰ ਐਮਰਜੈਂਸੀ ਦੇ ਸਮੇਂ ਵਿਚ ਜਲਦੀ ਤੋਂ ਜਲਦੀ ਮੋਰਚਿਆਂ ‘ਤੇ ਭੇਜਿਆ ਜਾ ਸਕਦਾ ਸੀ। ਹਵਾਈ ਫ਼ੌਜ ਨੇ ਇਸ ਮਿਸ਼ਨ ਦੌਰਾਨ ਟੇਰੇਨ ਮਾਸਕਿੰਗ ਤਕਨੀਕ ਦੀ ਵਰਤੋਂ ਕੀਤੀ। ਇਹ ਇਕ ਰਣਨੀਤੀ ਹੈ ਜਿਸ ਵਿਚ ਦੁਸ਼ਮਣ ਦੇ ਰਾਡਾਰ ਨੂੰ ਚਕਮਾ ਦੇ ਕੇ ਜਹਾਜ਼ ਅਪਣੇ ਨਿਸ਼ਾਨੇ ‘ਤੇ ਪਹੁੰਚਦਾ ਹੈ।