ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਜਾ ਤਗਮਾ ਜਿੱਤ ਲਿਆ ਹੈ। 2021 ਦੀਆਂ ਟੋਕੀਓ ਓਲੰਪਿਕ ਤੋਂ ਬਾਅਦ ਇਸ ਵਾਰ ਵੀ ਓਲੰਪਿਕ ਤਗਮਾ ਜਿੱਤ ਕੇ ਭਾਰਤੀ ਹਾਕੀ ਟੀਮ ਨੇ 50 ਸਾਲਾਂ ਬਾਅਦ ਆਪਣੇ ਇਤਿਹਾਸ ਨੂੰ ਦੁਹਰਾਇਆ ਹੈ।

ਕਾਂਸੀ ਦਾ ਤਗਮਾ ਜਿੱਤਣ ਲਈ ਹੋਏ ਮੈਚ ਦੌਰਾਨ ਦੋਵਾਂ ਟੀਮਾਂ ਨੇ ਬਹੁਤ ਹੀ ਨਪੀ-ਤੁਲੀ ਖੇਡ ਦਾ ਮੁਜ਼ਾਹਰਾ ਕੀਤਾ। ਕੋਈ ਵੀ ਟੀਮ ਪਹਿਲੇ ਅੱਧ ਤੱਕ ਕੋਈ ਗੋਲ਼ ਨਹੀਂ ਕਰ ਸਕੀ। ਪਰ ਦੂਸਰੇ ਹਾਫ਼ ਦੌਰਾਨ ਸਪੇਨ ਨੇ ਪਲੈਨਟੀ ਕਾਰਨਰ ਰਾਹੀ ਗੋਲ ਦਾਗਿਆ।

ਇਸ ਤਰ੍ਹਾਂ ਸਪੇਨ ਭਾਰਤ ਤੋਂ 1-0 ਨਾਲ ਅੱਗੇ ਹੋ ਗਿਆ। ਪਰ ਕੁਝ ਹੀ ਮਿੰਟਾਂ ਬਾਅਦ ਭਾਰਤ ਨੇ ਮੈਚ ਵਿੱਚ ਵਾਪਸੀ ਕਰਦੇ ਹੋਏ 1-1 ਦੀ ਬਰਾਬਰੀ ਕਰ ਲਈ। ਇਹ ਗੋਲ਼ ਪਲੈਨਟੀ ਕਾਰਨਰ ਰਾਹੀ ਕੀਤਾ ਗਿਆ। ਸਪੇਨ ਖਿਲਾਫ਼ ਆਪਣੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆ ਤੀਜੇ ਕੁਆਟਰ ਵਿੱਚ ਭਾਰਤੀ ਟੀਮ ਨੇ ਪਲੈਨਟੀ ਕਾਰਨਰ ਨਾਲ ਇੱਕ ਹੋਰ ਗੋਲ਼ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ। ਇਸ ਤਰ੍ਹਾਂ ਭਾਰਤ ਸਪੇਨ ਤੋਂ 2-1 ਨਾਲ ਅੱਗੇ ਹੋ ਗਿਆ।

ਸਪੇਨ ਦੀ ਟੀਮ ਨੇ ਕਈ ਵਾਰ ਭਾਰਤੀ ਗੋਲ਼ ਪੋਸਟ ਵੱਲ ਹੱਲਾ ਬੋਲਿਆ, ਟੀਮ ਨੂੰ ਕਈ ਪਲੈਨਟੀ ਕਾਰਨਰ ਵੀ ਮਿਲੇ ਪਰ ਭਾਰਤੀ ਟੀਮ ਦੀ ਰੱਖਿਆ ਪੰਕਤੀ ਨੇ ਉਨ੍ਹਾਂ ਦੀ ਪੇਸ਼ ਨਾਲ ਚੱਲਣ ਦਿੱਤੀ।

ਖਾਸ ਕਰਕੇ ਮੈਚ ਦੇ ਆਖ਼ਰੀ ਮਿੰਟ ਵਿੱਚ ਸਪੇਨ ਨੂੰ ਦੋ ਪਲੈਨਟੀ ਕਾਰਨਰ ਮਿਲੇ ਪਰ ਉਹ ਇਸ ਨੂੰ ਗੋਲ਼ ਵਿੱਚ ਤਬਦੀਲ ਨਾਲ ਕਰ ਸਕੇ।

ਸੈਮੀਫਾਇਨਲ ਮੁਕਾਬਲੇ ਵਿੱਚ ਭਾਰਤ ਨੂੰ ਜਰਮਨੀ ਦੀ ਟੀਮ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਕਾਂਸੀ ਦਾ ਤਗਮਾ ਜਿੱਤਣ ਲਈ ਇਸ ਮੈਚ ਦੀ ਜਿੱਤ ਜਰੂਰੀ ਸੀ।

ਭਾਰਤੀ ਹਾਕੀ ਟੀਮ ਕੇ ਗੋਲਚੀ ਸ਼੍ਰੀਜੇਸ਼ ਦੇ ਖੇਡ ਸਫ਼ਰ ਦਾ ਇਹ ਆਖ਼ਰੀ ਕੌਮਾਂਤਰੀ ਮੁਕਾਬਲਾ ਸੀ। ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਮੋਢੇ ਉੱਤੇ ਚੁੱਕ ਕੇ ਅਤੇ ਦੂਜਾ ਖਿਡ਼ਾਰੀਆਂ ਨੇ ਮੈਦਾਨ ਵਿੱਚ ਝੁਕ ਕੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ।