ਰੁੜਕੇਲਾ (ਉੜੀਸਾ): ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਨੀਵੀਂ ਰੈਂਕ ਵਾਲੀ ਆਇਰਲੈਂਡ ਦੀ ਟੀਮ ਨੂੰ 4-0 ਨਾਲ ਹਰਾ ਕੇ FIH Pro League ਮੁਹਿੰਮ ਦੇ ਅਪਣੇ ਘਰੇਲੂ ਪੜਾਅ ਦਾ ਅੰਤ ਜਿੱਤ ਨਾਲ ਕੀਤਾ।
ਨੀਲਕਾਂਤ ਸ਼ਰਮਾ ਨੇ 14ਵੇਂ ਮਿੰਟ, ਅਕਾਸ਼ਦੀਪ ਸਿੰਘ ਨੇ 15ਵੇਂ ਮਿੰਟ, ਗੁਰਜੰਟ ਸਿੰਘ ਨੇ 38ਵੇਂ ਅਤੇ ਜੁਗਰਾਜ ਸਿੰਘ ਨੇ 60ਵੇਂ ਮਿੰਟ ’ਚ ਗੋਲ ਕੀਤੇ। ਨੀਲਕਾਂਤ ਅਤੇ ਜੁਗਰਾਜ ਨੇ ਪੈਨਲਟੀ ਕਾਰਨਰ ਤੋਂ ਗੋਲ ਕੀਤੇ ਜਦਕਿ ਅਕਾਸ਼ਦੀਪ ਅਤੇ ਗੁਰਜੰਟ ਨੇ ਫੀਲਡ ਕੋਸ਼ਿਸ਼ਾਂ ਰਾਹੀਂ ਗੋਲ ਕੀਤੇ।
ਭਾਰਤ ਨੇ ਮੈਚ ’ਤੇ ਦਬਦਬਾ ਬਣਾਈ ਰਖਿਆ ਅਤੇ ਅੱਧੇ ਸਮੇਂ ਤਕ 2-0 ਨਾਲ ਅੱਗੇ ਸੀ। ਭਾਰਤੀ ਟੀਮ ਇਸ ਸਮੇਂ ਅੱਠ ਮੈਚਾਂ ਵਿਚ 15 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ, ਜਿਸ ਵਿਚ ਪੰਜ ਜਿੱਤਾਂ (ਤਿੰਨ ਸਿੱਧੇ ਅਤੇ ਦੋ ਸ਼ੂਟਆਊਟ) ਅਤੇ ਤਿੰਨ ਹਾਰ (ਇਕ ਸਿੱਧੇ ਅਤੇ ਦੋ ਸ਼ੂਟਆਊਟ) ਸ਼ਾਮਲ ਹਨ।
ਨੀਦਰਲੈਂਡ ਅਤੇ ਆਸਟਰੇਲੀਆ ਕ੍ਰਮਵਾਰ 26 ਅਤੇ 20 ਅੰਕਾਂ ਨਾਲ ਭਾਰਤ ਤੋਂ ਉੱਪਰ ਹਨ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਮਈ-ਜੂਨ ਵਿਚ ਯੂਰਪੀਅਨ ਪੜਾਅ ਵਿਚ FIH Pro League ਮੁਹਿੰਮ ਜਾਰੀ ਰੱਖੇਗੀ।
ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ 10 ਖਿਡਾਰੀ ਪੰਜਾਬ ਦੇ ਹਨ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਕਤ ਪੰਜਾਬੀ ਖਿਡਾਰੀਆਂ ਦੀਆਂ ਜਿੱਤਾਂ ਉਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਸਖਤ ਮਿਹਨਤ ਅਤੇ ਕੋਚਾਂ ਦੇ ਮਾਰਗ ਦਰਸ਼ਨ ਦਾ ਸਿੱਟਾ ਹੈ।