ਕੈਨੇਡਾ ਦੇ ਅਪ੍ਰਵਾਸੀ ਪੰਜਾਬੀਆਂ ਨੂੰ ਭਾਰਤ ਆਉਣ ਲਈ ਕੈਨੇਡਾ ਸਥਿਤ ਭਾਰਤੀ ਦੂਤਘਰ ਵੱਲੋਂ ਵੀਜ਼ਾ ਨਾ ਦਿੱਤੇ ਜਾਣ ਨਾਲ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਨੇ ਦਿੱਲੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਤਰੁਣ ਕਪੂਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਂਦਾ। ਸੁਸ਼ੀਲ ਰਿੰਕੂ ਨੇ ਪੀਐੱਮਓ ਵਿਚ ਅੱਜ ਤਰੁਣ ਕਪੂਰ ਨਾਲ ਮੁਲਾਕਾਤ ਉਨ੍ਹਾਂ ਨੇ PM ਮੋਦੀ ਦੇ ਨਾਂ ‘ਤੇ ਮੰਗ ਪੱਤਰ ਸੌਂਪਿਆ। ਮੰਗਪੱਤਰ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕੈਨੇਡਾ ਵਿਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਭੇਜ ਕੇ NRI’s ਨੂੰ ਵੀਜ਼ਾ ਦੇਣ ‘ਤੇ ਲਗਾਈ ਗਈ ਰੋਕ ਨੂੰ ਹਟਾਉਣ।
MP ਰਿੰਕੂ ਨੇ ਦੱਸਿਆ ਕਿ ਨਵੰਬਰ ਤੋਂ ਜਨਵਰੀ ਮਹੀਨੇ ਤੱਕ ਭਾਰੀ ਗਿਣਤੀ ਵਿਚ ਅਪ੍ਰਵਾਸੀ ਪੰਜਾਬ ਤੇ ਹੋਰ ਸੂਬਿਆਂ ਵਿਚ ਆਉਂਦੇ ਹਨ। ਅਪ੍ਰਵਾਸੀ ਪੰਜਾਬੀਆਂ ਨੇ ਜ਼ਮੀਨ ਜਾਇਦਾਦ ਨਾਲ ਸਬੰਧਤ ਕੰਮ ਕਰਵਾਉਣੇ ਹੁੰਦੇ ਹਨ ਤੇ ਕਾਫ਼ੀ ਲੋਕ ਵਿਆਹਾਂ-ਸ਼ਾਦੀਆਂ ਸਮਾਗਮਾਂ ਵਿੱਚ ਹਿੱਸਾ ਲੈਣ ਜਾਂ ਸਿਹਤ ਸੇਵਾਵਾਂ ਲਈ ਆਉਂਦੇ ਹਨ । ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਭਾਰਤੀ ਦੂਤ ਘਰ ਵੱਲੋਂ ਉਥੇ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਬਿਨਾਂ ਕਿਸੀ ਦੇਰੀ ਦੇ ਵੀਜ਼ਾ ਸੇਵਾਵਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਲੋਕ ਇਥੇ ਆ ਕੇ ਆਪਣੇ ਰਿਸ਼ਤੇਦਾਰਾਂ-ਦੋਸਤਾਂ ਨੂੰ ਮਿਲ ਸਕਣ ਅਤੇ ਆਪਣੇ ਜ਼ਰੂਰੀ ਕੰਮ ਕਰ ਸਕਣ।