ਔਟਵਾ : ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਪੱਕੇ ਤੌਰ ’ਤੇ ਕੈਨੇਡਾ ਵਿਚ ਨਹੀਂ ਰਹਿ ਸਕਦੇ। ਮਾਰਕ ਮਿਲਰ ਨੇ ਸਪੱਸ਼ਟ ਲਫਜ਼ਾਂ ਵਿਚ ਕਿਹਾ ਹੈ ਕਿ ਆਪਣੇ ਘਰ ਚਲੇ ਜਾਉ ਅਤੇ ਕੈਨੇਡਾ ਵਿਚ ਕੀਤੀ ਪੜ੍ਹਾਈ ਨੂੰ ਆਪਣੇ ਮੁਲਕ ਜਾ ਕੇ ਵਰਤੋ। ਇੰਮੀਗ੍ਰੇਸ਼ਨ ਮੰਤਰੀ ਨੇ ਦਾਅਵਾ ਕੀਤਾ ਕਿ ਕਿਸੇ ਨੂੰ ਵੀ ਕੈਨੇਡਾ ਵਿਚ ਪੱਕਾ ਕਰਨ ਦਾ ਵਾਅਦਾ ਨਹੀਂ ਕੀਤਾ ਗਿਆ। ‘ਬਲੂਮਬਰਗ’ ਦੀ ਰਿਪੋਰਟ ਮੁਤਾਬਕ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਜਾਰੀ ਵੀਜ਼ਿਆਂ ਦੀ ਸਮੀਖਿਆ ਕਰ ਰਹੀ ਹੈ ਅਤੇ ਇਸ ਦਾ ਮੁੱਖ ਮਕਸਦ ਮੁਲਕ ਦੀ ਵਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਸਣੇ ਰੁਜ਼ਗਾਰ ਖੇਤਰ ਵਿਚ ਤਵਾਜ਼ਨ ਬਣਾ ਕੇ ਰੱਖਣਾ ਹੈ।

ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਿਤੀ ਧਮਕੀ
ਮਾਰਕ ਮਿਲਰ ਨੇ ਅੱਗੇ ਕਿਹਾ ਕਿ ਕੈਨੇਡੀਅਨ ਯੂਨੀਵਰਸਿਟੀਜ਼ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਪੜ੍ਹ ਰਹੇ ਕੌਮਾਂਤਰੀ ਵਿਦਿਆਰਥੀ ਆਪਣੇ ਦਿਮਾਗ ਵਿਚੋਂ ਇਹ ਗੱਲ ਕੱਢ ਦੇਣ ਕਿ ਉਨ੍ਹਾਂ ਨੂੰ ਕੈਨੇਡਾ ਦੀ ਪੀ.ਆਰ. ਮਿਲ ਜਾਵੇਗੀ। ਇੰਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਸੀ ਕਿ ਕੌਮਾਂਤਰੀ ਵਿਦਿਆਰਥੀ ਕੈਨੇਡੀਅਨ ਪੀ.ਆਰ. ਦਾ ਸੁਪਨਾ ਲੈ ਕੇ ਕਿਸੇ ਵੀ ਕੋਰਸ ਵਿਚ ਦਾਖਲਾ ਲੈ ਲੈਂਦੇ ਹਨ ਪਰ ਹੁਣ ਸਾਰੀਆਂ ਚੋਰ ਮੋਰੀਆਂ ਬੰਦ ਕਰ ਦਿਤੀਆਂ ਜਾਣਗੀਆਂ। ਇੰਮੀਗ੍ਰੇਸ਼ਨ ਨੀਤੀਆਂ ਵਿਚ ਤਬਦੀਲੀ ਲਾਜ਼ਮੀ ਹੈ ਪਰ ਇਸ ਵਾਸਤੇ ਸਰਕਾਰ ਅਤੇ ਕਾਰੋਬਾਰੀਆਂ ਦਰਮਿਆਨ ਵਿਚਾਰ ਵਟਾਂਦਰਾ ਵੀ ਹੋਣਾ ਚਾਹੀਦਾ ਹੈ। ਮਾਰਕ ਮਿਲਰ ਨੇ ਦੱਸਿਆ ਕਿ ਕੈਨੇਡਾ ਵਿਚ ਆਰਜ਼ੀ ਤੌਰ ’ਤੇ ਮੌਜੂਦ ਲੋਕਾਂ ਦੀ ਗਿਣਤੀ ਕੁਲ ਆਬਾਦੀ ਦਾ 5 ਫੀ ਸਦੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜੋ ਇਸ ਵੇਲੇ ਤਕਰੀਬਨ 7 ਫੀ ਸਦੀ ਹੋ ਚੁੱਕੀ ਹੈ। ‘ਬਲੂਮਬਰਗ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਹੁਣ ਕੌਮਾਂਤਰੀ ਵਿਦਿਆਰਥੀਆਂ ਨੂੰ ਪਹਿਲਾਂ ਵਾਂਗ ਵੱਡੇ ਪੱਧਰ ’ਤੇ ਸਟੱਡੀ ਵੀਜ਼ੇ ਜਾਰੀ ਨਹੀਂ ਕਰੇਗਾ। ਮਾਰਕ ਮਿਲਰ ਨੇ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਦਾ ਪੱਖ ਪੂਰਿਆ ਜੋ ਆਪਣੇ ਕੋਰਸ ਮੁਤਾਬਕ ਹੀ ਕਿਤਾ ਚੁਣਦੇ ਹਨ ਅਤੇ ਇਕ ਹੁਨਰਮੰਦ ਕਾਮੇ ਵਜੋਂ ਮੁਲਕ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਯੋਗਦਾਨ ਪਰ ਰਹੇ ਹਨ।