ਵੈਨਕੂਵਰ : ਪਿਛਲੇ ਸਾਲ ਸਤੰਬਰ ਵਿਚ 26 ਸਾਲ ਦੇ ਹਮੀਦਉਲਾ ਹਬੀਬੀ ਨੂੰ ਮੌਤ ਦੇ ਦਰਵਾਜ਼ੇ ’ਤੇ ਪਹੁੰਚਾਉਣ ਵਾਲੇ ਭਾਰਤੀ ਮੂਲ ਦੇ ਡੈਨਿਸ ਪ੍ਰਸਾਦ ਨੇ ਛੁਰੇਬਾਜ਼ੀ ਦੇ ਦੋ ਹੋਰ ਮਾਮਲਿਆਂ ਲਈ ਜ਼ਿੰਮੇਵਾਰ ਹੋਣ ਦਾ ਗੁਨਾਹ ਕਬੂਲ ਕਰ ਲਿਆ ਹੈ। ਹਮੀਦਉਲਾ ਹਬੀਬੀ ਖੁਸ਼ਕਿਸਮਤ ਰਿਹਾ ਕਿ ਆਲੇ-ਦੁਆਲੇ ਮੌਜੂਦ ਲੋਕਾਂ ਨੇ ਉਸ ਦੀ ਗਰਦਨ ਵਿਚੋਂ ਵਗ ਰਿਹਾ ਖੂਨ ਰੋਕ ਕੇ ਰੱਖਿਆ ਜਦੋਂ ਤੱਕ ਪੈਰਾਮੈਡਿਕਸ ਨਾ ਪੁੱਜ ਗਏ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਹਮੀਦਉਲਾ ਹਬੀਬੀ ਦੀ ਗਰਦਨ ’ਤੇ 20 ਟਾਂਕੇ ਲੱਗੇ ਅਤੇ ਅੱਜ ਵੀ ਉਨ੍ਹਾਂ ਦੇ ਨਿਸ਼ਾਨ ਸਾਫ ਦੇਖੇ ਜਾ ਸਕਦੇ ਹਨ।
ਵਾਰਦਾਤ ਵੇਲੇ ਡਿਲੀਵਰੀ ਡਰਾਈਵਰ ਦਾ ਕੰਮ ਕਰ ਰਹੇ ਹਮੀਦਉਲਾ ਨੇ ਦੱਸਿਆ ਕਿ ਸਤੰਬਰ 2022 ਦਾ ਉਹ ਦਿਨ ਹਮੇਸ਼ਾ ਯਾਦ ਰਹੇਗਾ ਜਦੋਂ ਬਗੈਰ ਕਿਸੇ ਭੜਕਾਹਟ ਤੋਂ ਇਕ ਸ਼ਖਸ ਨੇ ਮੇਰੇ ਉਪਰ ਛੁਰੇ ਨਾਲ ਹਮਲਾ ਕਰ ਦਿਤਾ। ਹਮੀਦਉਲਾ ਨੇ ਕਿਹਾ, ‘‘ਸਭ ਕੁਝ ਐਨੀ ਤੇਜ਼ੀ ਨਾਲ ਵਾਪਰਿਆ ਕਿ ਸਮਝਣ ਦਾ ਮੌਕਾ ਹੀ ਨਾ ਮਿਲ ਸਕਿਆ। ਅਚਾਨਕ ਛੁਰੇ ਦਾ ਇਕ ਵਾਰ ਮੇਰੀ ਗਰਦਨ ’ਤੇ ਆ ਕੇ ਵੱਜਾ ਅਤੇ ਮੈਨੂੰ ਸਾਹ ਆਉਣਾ ਮੁਸ਼ਕਲ ਹੋ ਗਿਆ। ਜੇ ਮੌਕੇ ’ਤੇ ਕੁਝ ਲੋਕ ਮੌਜੂਦ ਨਾ ਹੁੰਦੇ ਤਾਂ ਮੇਰੀ ਜਾਨ ਬਚਣੀ ਮੁਸ਼ਕਲ ਸੀ।’’ ਡੈਨਿਸ ਪ੍ਰਸਾਦ ਨੂੰ ਹਮਲੇ ਤੋਂ ਕੁਝ ਦੇਰ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਹ ਉਦੋਂ ਤੋਂ ਜੇਲ ਵਿਚ ਹੈ। ਅਦਾਲਤ ਵਿਚ ਸੁਣਵਾਈ ਦੌਰਾਨ ਡੈਨਿਸ ਪ੍ਰਸਾਦ ਨੇ ਸਿਰਫ ਹਮੀਦਉਲਾ ਉਪਰ ਕਾਤਲਾਨਾ ਹਮਲੇ ਦਾ ਗੁਨਾਹ ਕਬੂਲ ਨਹੀਂ ਕੀਤਾ ਸਗੋਂ ਇਸ ਤੋਂ ਇਕ ਦਿਨ ਪਹਿਲਾਂ ਕੀਤੇ ਹਮਲੇ ਦਾ ਦੋਸ਼ ਵੀ ਕਬੂਲ ਕਰ ਲਿਆ। ਡੈਨਿਸ ਪ੍ਰਸਾਦ ਨੂੰ ਸਜ਼ਾ ਦੇ ਐਲਾਨ ਵਾਸਤੇ ਸੁਣਵਾਈ ਦਸੰਬਰ ਵਿਚ ਸ਼ੁਰੂ ਹੋਵੇਗੀ ਅਤੇ ਜਨਵਰੀ ਵਿਚ ਮਨੋਰੋਗ ਮਾਹਰਾਂ ਦੀਆਂ ਰਿਪੋਰਟਾਂ ’ਤੇ ਵੀ ਗੌਰ ਕੀਤਾ ਜਾਵੇਗਾ।