ਕੈਲੀਫੋਰਨੀਆ ਦੇ ਡੈਥ ਵੈਲੀ ਨੈਸ਼ਨਲ ਪਾਰਕ ’ਚ ਐਤਵਾਰ ਨੂੰ ਤਾਪਮਾਨ 53.3 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਡੈਥ ਵੈਲੀ ਪਹੁੰਚੇ ਇਕ ਸੈਲਾਨੀ ਦੀ ਅੱਤ ਦੀ ਗਰਮੀ ਕਾਰਨ ਮੌਤ ਹੋ ਗਈ ਜਦਕਿ ਇਕ ਹੋਰ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਪਾਰਕ ਪ੍ਰਬੰਧਨ ਨੇ ਇਕ ਬਿਆਨ ਵਿਚ ਕਿਹਾ ਕਿ ਦੋਵੇਂ ਸੈਲਾਨੀ ਛੇ ਨੌਜੁਆਨਾਂ ਦੇ ਸਮੂਹ ਦਾ ਹਿੱਸਾ ਸਨ ਜੋ ਮੋਟਰਸਾਈਕਲ ’ਤੇ ਬੈਡਵਾਟਰ ਬੇਸਿਨ ਖੇਤਰ ਵਿਚੋਂ ਲੰਘ ਰਹੇ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਦੂਜੇ ਮੋਟਰਸਾਈਕਲ ਸਵਾਰ ਨੂੰ ਲਾਸ ਵੇਗਾਸ ਦੇ ਇਕ ਹਸਪਤਾਲ ਲਿਜਾਇਆ ਗਿਆ। ਬਿਆਨ ਮੁਤਾਬਕ ਸਮੂਹ ਦੇ ਚਾਰ ਹੋਰ ਮੈਂਬਰਾਂ ਦਾ ਮੌਕੇ ’ਤੇ ਇਲਾਜ ਕੀਤਾ ਗਿਆ।
ਪਾਰਕ ਦੇ ਅਧਿਕਾਰੀ ਮਾਈਕ ਰੇਨੋਲਡਸ ਨੇ ਕਿਹਾ, ‘‘ਅਜਿਹੀ ਬਹੁਤ ਜ਼ਿਆਦਾ ਗਰਮੀ ਤੁਹਾਡੀ ਸਿਹਤ ਲਈ ਵੱਡਾ ਖਤਰਾ ਪੈਦਾ ਕਰ ਸਕਦੀ ਹੈ।’’ ਭਿਆਨਕ ਗਰਮੀ ਨਾਲ ਮੌਤ ਦਾ ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕਾ ’ਚ ਤਾਪਮਾਨ ਨੇ ਸਾਰੇ ਰੀਕਾਰਡ ਤੋੜ ਦਿਤੇ ਹਨ।