ਬਰਤਾਨੀਆ ਵਿੱਚ ਅਪਰਾਧੀਆਂ ’ਤੇ ਸ਼ਿਕੰਜਾ ਕੱਸਣ ਲਈ ਨਵੀਆਂ ਸਜ਼ਾਤਮਕ ਸ਼ਕਤੀਆਂ ਤਹਿਤ ਅਪਰਾਧੀਆਂ ਨੂੰ ਪੱਬਾਂ, ਸੰਗੀਤ ਸਮਾਰੋਹਾਂ ਅਤੇ ਖੇਡ ਮੈਚਾਂ ਵਿਚ ਜਾਣ ਤੋਂ ਰੋਕਿਆ ਜਾਵੇਗਾ। ਇਹ ਸਜ਼ਾਤਮਕ ਸ਼ਕਤੀਆਂ ਸਜ਼ਾ ਦੇ ਦਾਇਰੇ ਨੂੰ ਵਿਸ਼ਾਲ ਕਰਨਗੀਆਂ। ਨਵੇਂ ਉਪਾਵਾਂ ਤਹਿਤ ਦੇਸ਼ ਦੇ ਜੱਜ ਅਪਰਾਧੀਆਂ ਦੀ ਆਜ਼ਾਦੀ ਨੂੰ ਸੀਮਤ ਕਰਨ ਅਤੇ ਉਨ੍ਹਾਂ ਨੂੰ ਡਰਾਈਵਿੰਗ ਸੀਮਾਵਾਂ, ਯਾਤਰਾ ਪਾਬੰਦੀਆਂ ਅਤੇ ਕੰਟੇਨਮੈਂਟ ਜ਼ੋਨਾਂ ਤਕ ਸੀਮਤ ਕਰਨ ਦੇ ਯੋਗ ਹੋਣਗੇ। ਨਵੇਂ ਉਪਾਵਾਂ ਤਹਿਤ ਉਨ੍ਹਾਂ ਨੂੰ ਖ਼ਾਸ ਖੇਤਰਾਂ ਤੋਂ ਦੂਰ ਰਖਿਆ ਜਾਵੇਗਾ।

ਨਿਆਂ ਮੰਤਰਾਲੇ ਨੇ ਕਿਹਾ ਕਿ ਇਹ ਬਦਲਾਅ ਦੁਹਰਾਉ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਸਹੀ ਰਸਤੇ ’ਤੇ ਵਾਪਸ ਲਿਆਉਣ ਲਈ ਭਾਈਚਾਰਕ ਸਜ਼ਾ ਨੂੰ ਹੋਰ ਸਖ਼ਤ ਬਣਾਉਣਗੇ। ਯੂਕੇ ਦੀ ਨਿਆਂ ਸਕੱਤਰ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਜੱਜਾਂ ਲਈ ਉਪਲਬਧ ਸਜ਼ਾਵਾਂ ਦੀ ਸੀਮਾ ਨੂੰ ਵਧਾਉਣਾ ਅਪਰਾਧ ਨੂੰ ਘਟਾਉਣ ਅਤੇ ਸਾਡੀਆਂ ਗਲੀਆਂ ਨੂੰ ਸੁਰੱਖਿਅਤ ਬਣਾਉਣ ਦੀ ਸਾਡੀ ਤਬਦੀਲੀ ਯੋਜਨਾ ਦਾ ਹਿੱਸਾ ਹੈ। ਜਦੋਂ ਅਪਰਾਧੀ ਸਮਾਜ ਦੇ ਨਿਯਮਾਂ ਨੂੰ ਤੋੜਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਜ਼ਾ ਭੁਗਤ ਰਹੇ ਲੋਕਾਂ ਦੀ ਆਜ਼ਾਦੀ ’ਤੇ ਵੀ ਪਾਬੰਦੀਆਂ ਹੋਣੀਆਂ ਚਾਹੀਦੀਆਂ ਹਨ।

ਇਨ੍ਹਾਂ ਨਵੀਆਂ ਸਜ਼ਾਵਾਂ ਦਾ ਉਦੇਸ਼ ਸਾਰੇ ਅਪਰਾਧੀਆਂ ਨੂੰ ਯਾਦ ਦਿਵਾਉਣਾ ਹੈ ਕਿ ਇਸ ਸਰਕਾਰ ਵਿਚ ਅਪਰਾਧ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਲ ਤੋਂ ਬਾਹਰ ਆਉਣ ਵਾਲੇ ਅਤੇ ਪ੍ਰੋਬੇਸ਼ਨ ਸਰਵਿਸ ਦੀ ਨਿਗਰਾਨੀ ਹੇਠ ਆਉਣ ਵਾਲੇ ਅਪਰਾਧੀਆਂ ਨੂੰ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਲਾਜ਼ਮੀ ਡਰੱਗ ਟੈਸਟਿੰਗ ਪ੍ਰਣਾਲੀ ਦਾ ਸਾਹਮਣਾ ਕਰਨਾ ਪਵੇਗਾ। ਭਵਿੱਖ ਵਿਚ ਨਾ ਸਿਰਫ਼ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਇਤਿਹਾਸ ਵਾਲੇ ਅਪਰਾਧੀਆਂ, ਸਗੋਂ ਉਨ੍ਹਾਂ ਅਪਰਾਧੀਆਂ ਨੂੰ ਵੀ ਇਸ ਜਾਂਚ ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਆਦਤ ਨਹੀਂ ਹੈ।

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਪਰਾਧੀਆਂ ਨੂੰ ਉਨ੍ਹਾਂ ਦੀ ਸਜ਼ਾ ਦੇ ਆਧਾਰ ’ਤੇ ਵਾਪਸ ਅਦਾਲਤ ਵਿਚ ਲਿਆਂਦਾ ਜਾ ਸਕਦਾ ਹੈ ਜਾਂ ਜੇਲ ਭੇਜਿਆ ਜਾ ਸਕਦਾ ਹੈ। ਇਹ ਸਹੀ ਹੈ ਕਿ ਜਨਤਾ ਸਰਕਾਰ ਤੋਂ ਬ੍ਰਿਟੇਨ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਉਮੀਦ ਕਰਦੀ ਹੈ ਅਤੇ ਇਹੀ ਅਸੀਂ ਕਰ ਰਹੇ ਹਾਂ। ਮੰਤਰਾਲੇ ਨੇ ਕਿਹਾ ਕਿ ਇਹ ਸਜ਼ਾ ਵਿਚ ਵਿਆਪਕ ਸੁਧਾਰਾਂ ਦਾ ਹਿੱਸਾ ਹੋਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਜ਼ਾ ਅਪਰਾਧ ਨੂੰ ਘਟਾਏ ਅਤੇ ਜੇਲ੍ਹਾਂ ਵਿਚ ਖ਼ਤਰਨਾਕ ਅਪਰਾਧੀਆਂ ਲਈ ਜਗ੍ਹਾ ਦੀ ਘਾਟ ਨਾ ਹੋਵੇ।