ਅਮਰੀਕਾ ਵਿੱਚ ਨਿਊ ਜਰਸੀ ਦੇ ਹੋਬੋਕੇਨ ਸ਼ਹਿਰ ਦੇ ਭਾਰਤੀ ਮੂਲ ਦੇ ਸਿੱਖ ਮੇਅਰ ਨੇ ਧਮਕੀਆਂ ਨਾਲ ਭਰੀਆਂ ਚਿੱਠੀਆਂ ਜਾਰੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੇਅਰ ਰਵੀ ਭੱਲਾ ਨੂੰ ਪਿਛਲੇ ਸਾਲ ਇੱਕ ਚਿੱਠੀ ਮਿਲੀ, ਜਿਸ ਵਿੱਚ ਉਨ੍ਹਾਂ ਨੂੰ ਅਹੁਦਾ ਛੱਡਣ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ ਇਸਦੇ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਨਾਲ ਉਨ੍ਹਾਂ ਦੇ ਸਿੱਖ ਹੋਣ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਰਵੀ ਭੱਲਾ ਨੂੰ ਪਹਿਲੀ ਵਾਰ ਸਾਲ 2017 ਵਿੱਚ ਹੋਬੋਕੇਨ ਦਾ ਮੇਅਰ ਬਣਾਇਆ ਗਿਆ ਸੀ। ਮੇਅਰ ਬਣਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਇੱਕ ਸਿੱਖ ਜਨਮ-ਭੂਮੀ ਤੋਂ ਹੋ ਕੇ ਅਮਰੀਕਾ ਦੇ ਸ਼ਹਿਰ ਦੀ ਅਗਵਾਈ ਕਰਨ ‘ਤੇ ਉਨ੍ਹਾਂ ਨੂੰ ਮਾਣ ਹੈ। ਇਸ ਤੋਂ ਬਾਅਦ ਸਾਲ 2021 ਵਿੱਚ ਉਹ ਇੱਕ ਵਾਰ ਫਿਰ ਮੇਅਰ ਬਣੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਵਾਰ ਇੱਕ ਸਾਲ ਪਹਿਲਾਂ ਚਿੱਠੀ ਮਿਲੀ ਸੀ, ਜਿਸ ਵਿੱਚ ਉਨ੍ਹਾਂ ਨੂੰ ਅਹੁਦਾ ਛੱਡਣ ਦੀ ਧਮਕੀ ਦਿੱਤੀ ਗਈ ਸੀ। ਉੱਥੇ ਹੀ ਦੂਜੀ ਚਿੱਠੀ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ਪਰਿਵਾਰ ਨੂੰ ਲਗਾਤਾਰ ਮੇਲ ਰਾਹੀਂ ਚਿੱਠੀ ਭੇਜੀ ਗਈ। ਇਸ ਤੋਂ ਇਲਾਵਾ ਤੀਜੀ ਚਿੱਠੀ ਵਿੱਚ ਕਿਹਾ ਗਿਆ ਕਿ ਇਹ ਆਖਰੀ ਚਿਤਾਵਨੀ ਹੈ। ਜੇ ਤੁਸੀਂ ਤੁਰੰਤ ਅਹੁਦਾ ਨਾ ਛੱਡਿਆ ਤਾਂ ਅਸੀਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਮਾਰ ਦਿਆਂਗੇ।