1 ਦਸੰਬਰ ਤੋਂ ਨਵੇਂ ਕਨੂੰਨ ਲਾਗੂ ਹੋਣਗੇ
ਟੋਰਾਂਟੋ : ਕੈਨੇਡਾ ਦੇ ਫੈਡਰਲ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਇਸ ਸੰਬੰਧੀ ਨਵੇਂ ਨਿਯਮ ਲਿਆਂਦੇ ਜਾ ਰਹੇ ਹਨ ਜੋ 1 ਦਸੰਬਰ ਤੋਂ ਲਾਗੂ ਹੋਣਗੇ । ਕੈਨੇਡਾ ਸਰਕਾਰ ਦਾ ਇਹ ਫੈਸਲਾ ਫਰਜ਼ੀ ਟਰੈਵਲ ਏਜੰਟਾਂ ਵੱਲੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨਾਲ ਪਿੱਛਲੇ ਸਮੇਂ ਕੀਤੇ ਗਏ ਧੋਖਾਧੜੀ ਦੇ ਮਾਮਲਿਆਂ ਦੇ ਮੱਦੇਨਜ਼ਰ ਆਇਆ ਹੈ ਜਿਸ ਦੌਰਾਨ 300 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਅਲੀ ਦਾਖਲਾ ਪੱਤਰ ਜਾਰੀ ਕਰ ਦਿੱਤੇ ਗਏ ਸਨ। ਅੱਜ ਇਮੀਗਰੇਸ਼ਨ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਉਪਰੋਕਤ ਧੋਖਾਧੜੀ ਵਾਲੇ ਮਾਮਲਿਆਂ ‘ਚ ਜਿਆਦਾਤਰ ਵਿਦਿਆਰਥੀ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ ਹਨ ।
ਇਮੀਗਰੇਸ਼ਨ ਮੰਤਰੀ ਵੱਲੋਂ ਨਵੇਂ ਲਿਆਂਦੇ ਜਾ ਰਹੇ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿਹਾ ਹੈ ਕਿ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਦਸੰਬਰ 1 ਤੋਂ ਸ਼ੁਰੂ ਹੋਣ ਵਾਲੇ ਸਮੈਸਟਰ ਲਈ ਰਜਿਸਟਰ ਕਰਨ ਵਾਲੇ ਵਿਦਿਆਰਥੀਆਂ ਦੇ ਦਾਖਲੇ ਦੀ ਤਸਦੀਕ ਹੁਣ ਇਮੀਗਰੇਸ਼ਨ ਵਿਭਾਗ ਕੋਲ ਸਿੱਧੀ ਕਰਨੀ ਹੋਵੇਗੀ , ਇਸ ਤੋਂ ਬਾਅਦ ਹੀ ਸਟੱਡੀ ਪਰਮਿਟ ਜਾਰੀ ਕੀਤਾ ਜਾਵੇਗਾ। ਇਸ ਸੰਬੰਧੀ ਨਿਯਮਾਂ ਦਾ ਵਿਸਥਾਰ ਵਿਭਾਗ ਵੱਲੋਂ ਥੋੜੇ ਦਿਨ ਤੱਕ ਜਾਰੀ ਕਰ ਦਿੱਤਾ ਜਾਵੇਗਾ ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਅੰਤਰ-ਰਾਸ਼ਟਰੀ ਵਿਦਿਆਰਥੀਆ ਦੀ ਕੈਨੇਡਾ ਵਿੱਚ ਗਿਣਤੀ ਸੀਮਤ ਕਰਨ ਤੇ ਵੀ ਹਾਲ ਦੀ ਘੜੀ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ , ਜਦਕਿ ਕੈਨੇਡਾ ਵਿੱਚ ਘਰਾਂ ਦੀ ਕਿੱਲਤ ਨੂੰ ਵੇਖਦਿਆਂ ਪਹਿਲਾ ਸਰਕਾਰ ਵੱਲੋ ਸੰਕੇਤ ਆਏ ਸਨ ਕਿ ਕੈਨੇਡਾ ਵਿੱਚ ਅੰਤਰ- ਰਾਸ਼ਟਰੀ ਵਿਦਿਆਰਥੀਆ ਤੇ ਸਰਕਾਰ ਕੈਪ ਲਗਾ ਸਕਦੀ ਹੈ।