ਅਮਰੀਕਾ ਜਾਣਾ ਹੋਵੇ, ਉੱਥੇ ਨੌਕਰੀ ਕਰਨੀ ਹੋਵੇ ਜਾਂ ਫਿਰ ਪੱਕੇ ਤੌਰ ‘ਤੇ ਵੱਸਣ ਲਈ ਗ੍ਰੀਨ ਕਾਰਡ ਹਾਸਲ ਕਰਨਾ ਹੋਵੇ… ਤਾਂ ਹੁਣ ਤੁਹਾਡੀ ਇਹ ਰਾਹ ਹੋਰ ਮੁਸ਼ਕਲ ਹੋ ਸਕਦੀ ਹੈ!ਖ਼ਾਸ ਕਰਕੇ ਉਨ੍ਹਾਂ ਭਾਰਤੀਆਂ ਲਈ, ਜਿਹੜੇ ਅਮਰੀਕੀ ਕੰਪਨੀਆਂ ਦੀ ਸਪਾਂਸਰਸ਼ਿਪ ਰਾਹੀਂ Employment-Based Green Card ਲੈਣ ਦੀ ਉਡੀਕ ਕਰ ਰਹੇ ਨੇ। ਦਰਅਸਲ, ਅਮਰੀਕਾ ਦੇ Department of Labor ਯਾਨੀ DOL ਨੇ ਗ੍ਰੀਨ ਕਾਰਡ ਦੀ PERM ਪ੍ਰਕਿਰਿਆ ਵਿੱਚ ਵੱਡੇ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ। ਜੇਕਰ ਇਹ ਨਿਯਮ ਲਾਗੂ ਹੋ ਜਾਂਦੇ ਨੇ ਤਾਂ ਕੰਪਨੀਆਂ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਸਪਾਂਸਰ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦਸਤਾਵੇਜ਼ੀ ਕਾਰਵਾਈ ਵਾਲਾ ਹੋ ਸਕਦਾ ਹੈ। ਹੁਣ ਸਮਝੋ ਕਿ ਆਖ਼ਰ ਨਵਾਂ ਬਦਲਾਅ ਕੀ ਹੈ ਅਤੇ ਇਸ ਦਾ ਤੁਹਾਡੇ ‘ਤੇ ਕੀ ਅਸਰ ਪੈ ਸਕਦਾ ਹੈ?
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਰਤੀ ਦੇ ਰਿਕਾਰਡ ਦੀ।
ਹੁਣ ਤੱਕ ਕੰਪਨੀਆਂ ਨੂੰ ਇਹ ਸਾਬਤ ਕਰਨਾ ਪੈਂਦਾ ਸੀ ਕਿ ਉਨ੍ਹਾਂ ਨੇ ਅਮਰੀਕੀ ਨਾਗਰਿਕਾਂ ਨੂੰ ਨੌਕਰੀ ਦੇਣ ਲਈ ਲੋੜੀਂਦੀ ਕੋਸ਼ਿਸ਼ ਕੀਤੀ, ਪਰ ਕੋਈ ਯੋਗ ਉਮੀਦਵਾਰ ਨਹੀਂ ਮਿਲਿਆ। ਪਰ ਨਵੇਂ ਪ੍ਰਸਤਾਵ ਮੁਤਾਬਕ ਹੁਣ ਸਿਰਫ਼ ਇਹ ਦਾਅਵਾ ਕਰਨਾ ਕਾਫ਼ੀ ਨਹੀਂ ਹੋਵੇਗਾ। ਕੰਪਨੀਆਂ ਨੂੰ PERM ਅਰਜ਼ੀ ਦੇ ਨਾਲ ਹੀ ਦਸਤਖ਼ਤ ਕੀਤੀ Recruitment Report, ਨੌਕਰੀ ਦੇ ਇਸ਼ਤਿਹਾਰਾਂ ਦੀਆਂ ਕਾਪੀਆਂ ਅਤੇ ਅਮਰੀਕੀ ਉਮੀਦਵਾਰਾਂ ਦੇ ਰੈਜ਼ਿਊਮੇ ਵਰਗੇ ਦਸਤਾਵੇਜ਼ ਵੀ ਜਮ੍ਹਾਂ ਕਰਵਾਉਣੇ ਪੈ ਸਕਦੇ ਨੇ। ਯਾਨੀ ਹੁਣ ਕੰਪਨੀ ਨੂੰ ਇਹ ਵੀ ਦਿਖਾਉਣਾ ਪਵੇਗਾ ਕਿ ਉਸ ਨੇ ਭਰਤੀ ਲਈ ਅਸਲ ਵਿੱਚ ਕੀ-ਕੀ ਕੋਸ਼ਿਸ਼ਾਂ ਕੀਤੀਆਂ ਸਨ।
ਦੂਜਾ ਵੱਡਾ ਬਦਲਾਅ ਹੈ ਕੰਪਨੀਆਂ ਵਿੱਚ ਹੋਣ ਵਾਲੀਆਂ Layoffs ਯਾਨੀ ਕਰਮਚਾਰੀਆਂ ਦੀ ਛਾਂਟੀ ਨੂੰ ਲੈ ਕੇ।
ਮੌਜੂਦਾ ਨਿਯਮਾਂ ਤਹਿਤ ਕੰਪਨੀ ਨੂੰ ਪਿਛਲੇ 6 ਮਹੀਨਿਆਂ ਦੌਰਾਨ ਹੋਈ ਛਾਂਟੀ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ। ਪਰ ਨਵੇਂ ਪ੍ਰਸਤਾਵ ਵਿੱਚ ਇਹ ਸਮਾਂ ਵਧਾ ਕੇ 2 ਸਾਲ ਕਰਨ ਦੀ ਗੱਲ ਕਹੀ ਗਈ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕੰਪਨੀ ਨੇ ਪਿਛਲੇ ਦੋ ਸਾਲਾਂ ਦੌਰਾਨ ਉਸੇ ਜਾਂ ਮਿਲਦੇ-ਜੁਲਦੇ ਅਹੁਦੇ ‘ਤੇ ਅਮਰੀਕੀ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ ਤਾਂ ਉਸ ਦਾ ਪੂਰਾ ਵੇਰਵਾ ਦੇਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਨੂੰ ਕਰਮਚਾਰੀਆਂ ਦੇ ਨੁਮਾਇੰਦਿਆਂ ਨੂੰ ਨੋਟਿਸ ਦੇਣ ਅਤੇ ਭਰਤੀ ਪ੍ਰਕਿਰਿਆ ਨਾਲ ਜੁੜੀਆਂ ਹੋਰ ਰਸਮਾਂ ਪੂਰੀਆਂ ਕਰਨ ਦਾ ਸਬੂਤ ਵੀ ਦੇਣਾ ਪੈ ਸਕਦਾ ਹੈ। ਇੱਕ ਹੋਰ ਅਹਿਮ ਗੱਲ! ਨਵੇਂ ਪ੍ਰਸਤਾਵ ਵਿੱਚ Appendix E ਨਾਮ ਦਾ ਇੱਕ ਵਾਧੂ ਦਸਤਾਵੇਜ਼ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ‘ਤੇ ਕੰਪਨੀ ਅਤੇ ਉਸ ਦੇ ਵਕੀਲ ਦੋਵਾਂ ਦੇ ਦਸਤਖ਼ਤ ਲਾਜ਼ਮੀ ਹੋ ਸਕਦੇ ਨੇ।
ਜੇਕਰ ਜ਼ਰੂਰੀ ਦਸਤਾਵੇਜ਼ ਅਰਜ਼ੀ ਨਾਲ ਨਹੀਂ ਲਗਾਏ ਜਾਂਦੇ ਤਾਂ ਅਰਜ਼ੀ ਅਧੂਰੀ ਮੰਨ ਕੇ ਵਾਪਸ ਵੀ ਕੀਤੀ ਜਾ ਸਕਦੀ ਹੈ। ਪਰ ਇੱਥੇ ਇੱਕ ਰਾਹਤ ਵਾਲੀ ਗੱਲ ਵੀ ਹੈ! ਇਹ ਨਿਯਮ ਅਜੇ ਲਾਗੂ ਨਹੀਂ ਹੋਏ, ਸਗੋਂ ਪ੍ਰਸਤਾਵਿਤ ਪੜਾਅ ਵਿੱਚ ਨੇ। DOL ਵੱਲੋਂ 17 ਨਵੰਬਰ 2026 ਨੂੰ ਇਹ ਪ੍ਰਸਤਾਵ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਤੋਂ 19 ਜਨਵਰੀ 2027 ਤੱਕ ਸੁਝਾਅ ਤੇ ਇਤਰਾਜ਼ ਮੰਗੇ ਗਏ ਨੇ। ਇਸ ਲਈ ਫਿਲਹਾਲ ਮੌਜੂਦਾ PERM ਪ੍ਰਕਿਰਿਆ ਅਤੇ ETA-9089 ਫਾਰਮ ਰਾਹੀਂ ਹੀ ਅਰਜ਼ੀਆਂ ਜਮ੍ਹਾਂ ਹੋਣਗੀਆਂ। ਕੁੱਲ ਮਿਲਾ ਕੇ, ਜੇਕਰ ਇਹ ਪ੍ਰਸਤਾਵ ਅੰਤਿਮ ਰੂਪ ਵਿੱਚ ਲਾਗੂ ਹੁੰਦਾ ਹੈ ਤਾਂ ਅਮਰੀਕਾ ਵਿੱਚ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀ ਪੇਸ਼ੇਵਰਾਂ ਲਈ ਕੰਪਨੀ ਦੀ ਸਪਾਂਸਰਸ਼ਿਪ ਅਤੇ ਭਰਤੀ ਪ੍ਰਕਿਰਿਆ ਹੋਰ ਅਹਿਮ ਹੋ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਜਨਵਰੀ ਵਿੱਚ ਸੁਝਾਵਾਂ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅਮਰੀਕੀ ਸਰਕਾਰ ਇਸ ਪ੍ਰਸਤਾਵ ‘ਤੇ ਕੀ ਫ਼ੈਸਲਾ ਲੈਂਦੀ ਹੈ।














