ਕੈਲੀਫੋਰਨੀਆ: ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੰਜਾਬੀ ਟਰੱਕ ਡਰਾਈਵਰਾਂ ਵਿਰੁੱਧ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨੇ ਵੱਡੀ ਕਾਰਵਾਈ ਕੀਤੀ ਹੈ। ਤਾਜ਼ਾ ਮਾਮਲਿਆਂ ਵਿੱਚ ਇੱਕ ਜਾਨਲੇਵਾ ਹਾਦਸੇ ਦੇ ਜ਼ਿੰਮੇਵਾਰ ਰਜਿੰਦਰ ਕੁਮਾਰ ਸਮੇਤ ਕੁੱਲ 7 ਪੰਜਾਬੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਜਾਨਲੇਵਾ ਹਾਦਸਾ ਅਤੇ ਰਜਿੰਦਰ ਕੁਮਾਰ ਦੀ ਗ੍ਰਿਫ਼ਤਾਰੀ
ਔਰੇਗਨ ਸੂਬੇ ਦੀ ਡਿਸੂਟਸ ਕਾਊਂਟੀ ਵਿੱਚ ਹਾਈਵੇਅ 20 ‘ਤੇ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ 32 ਸਾਲਾ ਪੰਜਾਬੀ ਡਰਾਈਵਰ ਰਜਿੰਦਰ ਕੁਮਾਰ ਦੇ ਟ੍ਰੈਕਟਰ-ਟ੍ਰੇਲਰ ਦੀ ਟੱਕਰ ਇੱਕ ਕਾਰ ਨਾਲ ਹੋ ਗਈ ਸੀ। ਇਸ ਹਾਦਸੇ ਵਿੱਚ ਕਾਰ ਸਵਾਰ ਵਿਲੀਅਮ ਕੋਟਰ ਅਤੇ ਜੈਨੀਫਰ ਲੇਅਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੁਖਦਾਈ ਗੱਲ ਇਹ ਹੈ ਕਿ ਜੈਨੀਫਰ ਦਾ ਵਿਆਹ ਹਾਦਸੇ ਤੋਂ ਮਹਿਜ਼ 16 ਦਿਨ ਪਹਿਲਾਂ ਹੀ ਹੋਇਆ ਸੀ।
ਰਜਿੰਦਰ ਕੁਮਾਰ ‘ਤੇ ‘ਨੈਗਲੀਜੈਂਟ ਹੋਮੀਸਾਈਡ’ (ਲਾਪਰਵਾਹੀ ਨਾਲ ਹੱਤਿਆ) ਦੇ ਦੋ ਦੋਸ਼ ਲਗਾਏ ਗਏ ਸਨ। ਹਾਲਾਂਕਿ ਔਰੇਗਨ ਪੁਲਿਸ ਨੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ, ਪਰ ‘ਆਈਸ’ (ICE) ਦੇ ਏਜੰਟਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ। ਇਸ ਵੇਲੇ ਉਹ ਟਾਕੇਮਾ ਦੇ ਨੋਰਥ ਵੈਸਟ ਆਈਸ ਪ੍ਰੋਸੈਸਿੰਗ ਸੈਂਟਰ ਵਿੱਚ ਬੰਦ ਹੈ ਅਤੇ ਉਸ ਨੂੰ ਜਲਦ ਭਾਰਤ ਡਿਪੋਰਟ ਕੀਤੇ ਜਾਣ ਦੀ ਤਿਆਰੀ ਹੈ।
ਗੈਰ-ਕਾਨੂੰਨੀ ਐਂਟਰੀ ਅਤੇ ਜਾਅਲੀ ਦਸਤਾਵੇਜ਼ਾਂ ਦਾ ਖੁਲਾਸਾ
ਜਾਂਚ ਦੌਰਾਨ ਸਾਹਮਣੇ ਆਇਆ ਕਿ ਰਜਿੰਦਰ ਕੁਮਾਰ 28 ਨਵੰਬਰ 2022 ਨੂੰ ਐਰੀਜ਼ੋਨਾ ਦੇ ਰਸਤੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵੜਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ 2023 ਵਿੱਚ ਕੈਲੀਫੋਰਨੀਆ ਤੋਂ ਕਮਰਸ਼ੀਅਲ ਡਰਾਈਵਰਜ਼ ਲਾਇਸੰਸ (CDL) ਵੀ ਹਾਸਲ ਕਰ ਲਿਆ ਸੀ ਅਤੇ ਕੈਲੀਫੋਰਨੀਆ ਦੇ ਫਰਿਜ਼ਨੋ ਇਲਾਕੇ ਵਿੱਚ ਰਹਿ ਰਿਹਾ ਸੀ।
ਵਯੋਮਿੰਗ ਵਿੱਚ ‘ਸਪ੍ਰਿੰਗ ਸਟੌਰਮ’ ਮੁਹਿੰਮ: 6 ਹੋਰ ਪੰਜਾਬੀ ਕਾਬੂ
ਦੂਜੇ ਪਾਸੇ, ਵਯੋਮਿੰਗ ਸੂਬੇ ਵਿੱਚ ਚਲਾਈ ਗਈ ‘ਟਰੱਕ ਅਰਾਊਂਡ ਐਂਡ ਫਾਈਡ ਆਊਟ: ਸਪ੍ਰਿੰਗ ਸਟੌਰਮ’ ਮੁਹਿੰਮ ਤਹਿਤ ਇੰਮੀਗ੍ਰੇਸ਼ਨ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਲੈਰੇਮੀ ਕਾਊਂਟੀ ਦੇ ਸ਼ੈਰਿਫ ਦਫ਼ਤਰ ਨੇ ਕੁੱਲ 85 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿੱਚੋਂ 46 ‘ਨੌਨ-ਡੋਮੀਸਾਈਲ’ (ਗੈਰ-ਸਥਾਨਕ) ਡਰਾਈਵਰ ਸਨ।
ਇਨ੍ਹਾਂ ਵਿੱਚੋਂ 32 ਡਰਾਈਵਰਾਂ ਨੂੰ ਇੰਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਆਈਸ (ICE) ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ 6 ਪੰਜਾਬੀ ਡਰਾਈਵਰ ਸ਼ਾਮਲ ਦੱਸੇ ਜਾ ਰਹੇ ਹਨ।
ਟਰੱਕਿੰਗ ਇੰਡਸਟਰੀ ਵਿੱਚ ਵਧੀ ਚੌਕਸੀ
ਅਮਰੀਕੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਸਖ਼ਤ ਕਾਰਵਾਈ ਨੇ ਟਰੱਕਿੰਗ ਦੇ ਕਿੱਤੇ ਵਿੱਚ ਲੱਗੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿੱਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੜਕ ਸੁਰੱਖਿਆ ਅਤੇ ਇੰਮੀਗ੍ਰੇਸ਼ਨ ਕਾਨੂੰਨਾਂ ਨਾਲ ਸਮਝੌਤਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਕਾਰਵਾਈ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਹੁਣ ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੀ ਪੁਲਿਸ ਅਤੇ ਇੰਮੀਗ੍ਰੇਸ਼ਨ ਵਿਭਾਗ ਮਿਲ ਕੇ ਅਜਿਹੇ ਮਾਮਲਿਆਂ ‘ਤੇ ਸ਼ਿਕੰਜਾ ਕਸ ਰਹੇ ਹਨ।














