ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਵਿੱਚ ਰਾਉ ਆਈਏਐਸ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਤਿੰਨ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਐਤਵਾਰ ਨੂੰ ਇਸ ਮਾਮਲੇ ‘ਚ ਕੋਚਿੰਗ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਅੱਜ ਸੋਮਵਾਰ ਨੂੰ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ 5 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਉਹ ਵਿਅਕਤੀ ਵੀ ਸ਼ਾਮਲ ਹੈ ਜਿਸ ਨੇ ਕੋਚਿੰਗ ਕਲਾਸ ਦੇ ਸਾਹਮਣੇ ਤੇਜ਼ੀ ਨਾਲ ਕਾਰ ਚਲਾਈ। ਲੱਗਦਾ ਹੈ ਕਿ ਕਾਰ ਤੇਜ਼ ਚਲਾਉਣ ਕਾਰਨ ਪਾਣੀ ਦਾ ਦਬਾਅ ਵਧ ਗਿਆ ਅਤੇ ਬੇਸਮੈਂਟ ਦਾ ਗੇਟ ਟੁੱਟ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਬਾਅਦ ਬੇਸਮੈਂਟ ‘ਚ ਬਣੀ ਲਾਇਬ੍ਰੇਰੀ ‘ਚ ਪਾਣੀ ਭਰ ਗਿਆ ਅਤੇ ਵਿਦਿਆਰਥੀ ਡੁੱਬਣ ਲੱਗੇ।
ਦੂਜੇ ਪਾਸੇ ਓਲਡ ਰਾਜਿੰਦਰ ਨਗਰ ਵਿਚ ਡਰੇਨ ਦੇ ਆਲੇ-ਦੁਆਲੇ ਬੁਲਡੋਜ਼ਰਾਂ ਨਾਲ ਕਬਜ਼ੇ ਹਟਾਏ ਗਏ। ਇਸ ਦੇ ਨਾਲ ਹੀ MCD ਨੇ ਜੂਨੀਅਰ ਇੰਜੀਨੀਅਰ ਅਤੇ ਸਹਾਇਕ ਇੰਜੀਨੀਅਰ ਨੂੰ ਵੀ ਬਰਖਾਸਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੋਚਿੰਗ ਦੇ ਵਿਦਿਆਰਥੀ ਲਗਾਤਾਰ ਦੂਜੇ ਦਿਨ ਵੀ ਐਮਸੀਡੀ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।