ਓਟਾਵਾ : ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਹੈ ਕਿ ਓਟਵਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਦੋਸ਼ਾਂ ‘ਤੇ ਕਾਇਮ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਲੀ ਨੇ ਕਿਹਾ ਕਿ ਨਿੱਝਰ ਦੀ ਹੱਤਿਆ ਦੀ ਜਾਂਚ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਕਰ ਰਹੀ ਹੈ। ਉਨ੍ਹਾਂ ਕਿਹਾ,‘ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਕੋਈ ਕਸਰ ਨਹੀਂ ਛੱਡੇਗਾ। ਅਸੀਂ ਉਨ੍ਹਾਂ ਦੋਸ਼ਾਂ ‘ਤੇ ਕਾਇਮ ਹਾਂ ਕਿ ਕੈਨੇਡੀਅਨ ਜ਼ਮੀਨ ‘ਤੇ ਭਾਰਤੀ ਏਜੰਟਾਂ ਨੇ ਕੈਨੇਡੀਅਨ ਦੀ ਹੱਤਿਆ ਕੀਤੀ ਗਈ ਸੀ। ਇਸ ਦੀ ਆਰਸੀਐੱਮਪੀ ਜਾਂਚ ਕਰ ਰਹੀ ਹੈ। ਮੈਂ ਅੱਗੇ ਕੋਈ ਟਿੱਪਣੀ ਨਹੀਂ ਕਰਾਂਗੀ।’ ਦੂਜੇ ਪਾਸੇ ਭਾਰਤ ਇਸ ਮਾਮਲੇ ’ਚ ਕੈਨੇਡਾ ਤੋਂ ਸਬੂਤ ਮੰਗ ਰਿਹਾ ਹੈ ਪਰ ਹਾਲੇ ਤੱਕ ਉਸ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ।