ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣ ਪ੍ਰਚਾਰ ਲਈ ਅੱਜ ਧੂਰੀ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਧੂਰੀ ਨਾਲ ਮੇਰਾ ਦਿਲੋਂ ਰਿਸ਼ਤਾ ਹੈ। ਇਹ ਮੇਰਾ ਪੇਕਾ ਘਰ ਵੀ ਹੈ ਅਤੇ ਇੱਥੋਂ ਮੈਂ ਵਿਧਾਇਕ ਵੀ ਹਾਂ। ਧੂਰੀ ਵਾਲਿਓ, ਬਿਲਕੁਲ ਪਰਵਾਹ ਨਾ ਕਰਿਓ। ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗੇ।
ਸੀਐੱਮ ਮਾਨ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ‘ਚ ਧੂਰੀ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ‘ਚ ਸ਼ਿਰਕਤ ਕੀਤੀ। ਭਾਰੀ ਗਿਣਤੀ ‘ਚ ਪਹੁੰਚੇ ਧੂਰੀ ਦੇ ਇਨਕਲਾਬੀ ਅਤੇ ਕ੍ਰਾਂਤੀਕਾਰੀ ਲੋਕਾਂ ਨੇ ਹੱਦੋਂ ਵੱਧ ਕੇ ਮਾਣ ਸਨਮਾਨ ਅਤੇ ਪਿਆਰ ਦਿੱਤਾ। ਤੁਹਾਡੇ ਵੱਲੋਂ ਦਿੱਤੇ ਪਿਆਰ ਨੇ ਸਾਬਤ ਕਰ ਦਿੱਤਾ ਹੈ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਤੇ ਹਮੇਸ਼ਾ ਕਾਇਮ ਰਹੇਗੀ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਗ਼ਰੀਬ ਪਰਿਵਾਰਾਂ ਨੂੰ 3-3 ਮਹੀਨਿਆਂ ਬਾਅਦ ਸੁਸਰੀਆਂ ਅਤੇ ਕੀੜਿਆਂ ਵਾਲਾ ਰਾਸ਼ਨ ਵੰਡਿਆ ਜਾਂਦਾ ਸੀ। ਪਰ ਅਸੀਂ ਮੰਡੀਆਂ ‘ਚ ਆਈ ਨਵੀਂ ਕਣਕ ਅਤੇ ਸਾਫ਼ ਸੁਥਰਾ ਰਾਸ਼ਨ ਹਰ ਮਹੀਨੇ ਗ਼ਰੀਬਾਂ ਦੇ ਘਰਾਂ ਤੱਕ ਪਹੁੰਚਾ ਰਹੇ ਹਾਂ। ਹੁਣ ਪਰਿਵਾਰ ਦੀ ਮਰਜ਼ੀ ਹੈ ਕਿ ਆਟਾ ਲੈਣਾ ਜਾਂ ਫ਼ਿਰ ਕਣਕ। ਪੰਜਾਬੀਓ, ਸਾਰਾ ਦੇਸ਼ ਪੰਜਾਬ ਵੱਲ ਦੇਖ ਰਿਹੈ। ਤੁਸੀਂ 4 ਜੂਨ ਵਾਲਾ ਕੰਡਾ ਕੱਢ ਦਿਓ। ਐਤਕੀਂ ਦੇਸ਼ ‘ਚ ਵੀ ਇੰਡੀਆ ਗੱਠਬੰਧਨ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਵਿੱਚ ਸਭ ਤੋਂ ਵੱਧ ਹਿੱਸੇਦਾਰੀ ਆਮ ਆਦਮੀ ਪਾਰਟੀ ਦੀ ਹੋਵੇਗੀ।