ਪੰਜਾਬ ਤੋਂ ਕਰੀਬ ਹਫ਼ਤਾ ਪਹਿਲਾਂ ਕੈਨੇਡਾ ਗਏ ਪਤੀ ਵਲੋਂ ਅਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ। ਮੁਲਜ਼ਮ ਨੂੰ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਨੇ ਲੁਧਿਆਣਾ ਵਿਚ ਰਹਿੰਦੀ ਅਪਣੀ ਮਾਂ ਨੂੰ ਵੀਡੀਉ ਵੀ ਬਣਾ ਕੇ ਭੇਜੀ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਬੀਸੀ ਵਿਚ ਵਾਪਰੀ। ਮ੍ਰਿਤਕਾ ਬਲਵਿੰਦਰ ਕੌਰ (41) ਦੇ ਪਿਤਾ ਹਿੰਮਤ ਸਿੰਘ ਵਾਸੀ ਮੱਲ੍ਹਾ ਨੇ ਦਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਸੰਨ 2000 ਵਿਚ ਲੁਧਿਆਣਾ ਦੇ ਪੱਖੋਵਾਲ ਰੋਡ ਨਿਵਾਸੀ ਜਗਪ੍ਰੀਤ ਸਿੰਘ ਉਰਫ ਰਾਜੂ ਨਾਲ ਕੀਤਾ ਸੀ।
ਵਿਆਹ ਤੋਂ ਬਾਅਦ ਸਹੁਰਾ ਪਰਵਾਰ ਦਾਜ ਦੀ ਮੰਗ ਕਰਦਾ ਰਿਹਾ ਅਤੇ ਕਈ ਵਾਰ ਉਸ ਦੀ ਧੀ ਦੀ ਕੁੱਟਮਾਰ ਵੀ ਕੀਤੀ ਗਈ। ਉਨ੍ਹਾਂ ਦਸਿਆ ਕਿ ਬਲਵਿੰਦਰ ਕੌਰ ਦੇ ਹਰਨੂਰਪ੍ਰੀਤ ਕੌਰ ਤੇ ਗੁਰਨੂਰ ਸਿੰਘ ਦੋ ਬੱਚੇ ਹਨ। ਉਸ ਨੇ ਅਪਣੀ ਦੋਹਤੀ ਹਰਨੂਰਪ੍ਰੀਤ ਕੌਰ ਨੂੰ ਆਈਲੈਟਸ ਕਰਵਾ ਕੇ ਸੰਨ 2020 ਵਿਚ ਕੈਨੇਡਾ ਪੜ੍ਹਨ ਲਈ ਭੇਜਿਆ ਸੀ।
ਇਸ ਮਗਰੋਂ ਜਨਵਰੀ 2022 ਵਿਚ ਬਲਵਿੰਦਰ ਕੌਰ ਅਪਣੀ ਧੀ ਨੂੰ ਮਿਲਣ ਲਈ ਕੈਨੇਡਾ ਗਈ ਸੀ। ਇਸ ਦੌਰਾਨ ਉਸ ਦਾ ਜਵਾਈ ਜਗਪ੍ਰੀਤ ਸਿੰਘ ਉਰਫ ਰਾਜੂ ਵੀ ਉਸ ਦੀ ਧੀ ਨੂੰ ਵਾਰ-ਵਾਰ ਫੋਨ ਕਰਕੇ ਉਸ ਨੂੰ ਕੈਨੇਡਾ ਬੁਲਾਉਣ ਦੀ ਜ਼ਿੱਦ ਕਰਨ ਲੱਗਿਆ। ਇਸ ਦੇ ਚਲਦਿਆਂ ਹਰਨੂਰਪ੍ਰੀਤ ਨੇ ਅਪਣੇ ਪਿਤਾ ਜਗਪ੍ਰੀਤ ਸਿੰਘ ਨੂੰ ਹਫਤਾ ਪਹਿਲਾਂ 11 ਮਾਰਚ 2024 ਨੂੰ ਕੈਨੇਡਾ ਬੁਲਾ ਲਿਆ, ਪਰ ਉਸ ਨੇ ਕੈਨੇਡਾ ਪਹੁੰਚਣ ਤੋਂ ਕਰੀਬ ਹਫ਼ਤੇ ਬਾਅਦ ਹੀ ਅਪਣੀ ਪਤਨੀ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿਤਾ।
ਸਿਰਫ਼ ਇੰਨਾ ਹੀ ਨਹੀਂ ਸਗੋਂ ਉਸ ਨੇ ਘਟਨਾ ਦੀ ਵੀਡੀਉ ਬਣਾ ਕੇ ਅਪਣੀ ਮਾਂ ਨੂੰ ਵੀ ਭੇਜੀ। ਇਹ ਵੀਡੀਉ ਜਦੋਂ ਮ੍ਰਿਤਕਾ ਦੇ ਪੁੱਤਰ ਗੁਰਨੂਰ ਸਿੰਘ (18) ਨੇ ਦੇਖੀ ਤਾਂ ਉਸ ਨੇ ਅਪਣੀ ਮਾਂ ਦੇ ਕਤਲ ਦੀ ਖ਼ਬਰ ਰਿਸ਼ਤੇਦਾਰਾਂ ਨੂੰ ਦਿਤੀ।
ਮ੍ਰਿਤਕਾ ਦੇ ਪਰਵਾਰ ਅਤੇ ਪਿੰਡ ਵਾਸੀਆਂ ਨੇ ਸਥਾਨਕ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਾਤਲ ਜਗਪ੍ਰੀਤ ਸਿੰਘ ਵਿਰੁਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਕਿ ਮ੍ਰਿਤਕ ਬਲਵਿੰਦਰ ਕੌਰ ਦੀ ਲਾਸ਼ ਨੂੰ ਪਿੰਡ ਮੱਲ੍ਹਾ ਵਿਖੇ ਲਿਆਉਣ ਵਿਚ ਮਦਦ ਕੀਤੀ ਜਾਵੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਉਸ ਦੇ ਪਿੰਡ ਵਿਚ ਕਰਵਾਈਆਂ ਜਾ ਸਕਣ।