ਮੋਹਾਲੀ: ਮੋਹਾਲੀ ਦੇ ਫੇਜ਼-11 ਸਥਿਤ ਐਸਆਰਪੀ ਯੂਐਸ ਲਾਜਿਸਟਿਕਸ ਕੰਪਨੀ ਦੇ ਦਫ਼ਤਰ ਵਿੱਚ ਵੀਰਵਾਰ ਸ਼ਾਮ ਲਗਭਗ 7:30 ਵਜੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਕੰਪਨੀ ਦੀ ਡਿਸਪੈਚ ਟੀਮ ਵਿੱਚ ਕੰਮ ਕਰਦੀ 29 ਸਾਲਾ ਡਿੰਪਲ ਆਪਣੇ ਵਰਕਸਟੇਸ਼ਨ ’ਤੇ ਕੰਮ ਕਰ ਰਹੀ ਸੀ। ਇਸੇ ਦੌਰਾਨ ਉਸੇ ਕੰਪਨੀ ਵਿੱਚ ਕੰਮ ਕਰਨ ਵਾਲਾ 34 ਸਾਲਾ ਹਰਜਿੰਦਰ ਉਸਦੇ ਕੋਲ ਪਹੁੰਚਿਆ। ਸ਼ੁਰੂਆਤੀ ਪੁਲਿਸ ਜਾਂਚ ਮੁਤਾਬਕ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ, ਜੋ ਜਲਦੀ ਹੀ ਗੰਭੀਰ ਰੂਪ ਧਾਰ ਗਈ।
ਇਸ ਤੋਂ ਬਾਅਦ ਮੁਲਜ਼ਮ ਨੇ ਚਾਕੂ ਨਾਲ ਡਿੰਪਲ ’ਤੇ ਹਮਲਾ ਕਰ ਦਿੱਤਾ। ਹਮਲਾ ਇੰਨਾ ਤੇਜ਼ ਸੀ ਕਿ ਆਸ-ਪਾਸ ਮੌਜੂਦ ਹੋਰ ਮੁਲਾਜ਼ਮਾਂ ਨੂੰ ਕੁਝ ਸਮਝ ਆਉਂਦਾ ਇਸ ਤੋਂ ਪਹਿਲਾਂ ਹੀ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਚੁੱਕੀ ਸੀ। ਹਮਲੇ ਦੌਰਾਨ ਡਿੰਪਲ ਜਾਨ ਬਚਾਉਣ ਲਈ ਦੌੜਦੀ ਰਹੀ, ਪਰ ਹਮਲਾਵਰ ਉਸਦਾ ਪਿੱਛਾ ਕਰਦਾ ਰਿਹਾ ਅਤੇ ਲਗਾਤਾਰ ਚਾਕੂ ਮਾਰਦਾ ਰਿਹਾ।
ਸਟਾਫ਼ ਨੇ ਬਚਾਉਣ ਦੀ ਕੀਤੀ ਕੋਸ਼ਿਸ਼
ਘਟਨਾ ਦੌਰਾਨ ਦਫ਼ਤਰ ਵਿੱਚ ਹੜਕੰਪ ਮਚ ਗਿਆ। ਮੁਲਾਜ਼ਮਾਂ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਚਾਕੂ ਦਿਖਾ ਕੇ ਉਨ੍ਹਾਂ ਨੂੰ ਡਰਾਉਂਦਾ ਰਿਹਾ। ਇੱਕ ਮੁਲਾਜ਼ਮ ਨੇ ਹਿੰਮਤ ਕਰਕੇ ਉਸ ਦੇ ਹੱਥੋਂ ਇੱਕ ਚਾਕੂ ਖੋਹ ਲਿਆ, ਪਰ ਮੁਲਜ਼ਮ ਆਪਣੇ ਨਾਲ ਦੂਜਾ ਚਾਕੂ ਵੀ ਲੈ ਕੇ ਆਇਆ ਹੋਇਆ ਸੀ। ਉਸ ਨੇ ਫਿਰ ਤੋਂ ਡਿੰਪਲ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਜਦੋਂ ਉਸਨੂੰ ਲੱਗਾ ਕਿ ਡਿੰਪਲ ਦੀ ਜਾਨ ਨਹੀਂ ਬਚੇਗੀ, ਤਾਂ ਉਸਨੇ ਆਪਣੇ ਆਪ ਨੂੰ ਵੀ ਚਾਕੂ ਨਾਲ ਜ਼ਖ਼ਮੀ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਸਨੇ ਆਪਣਾ ਗਲਾ ਵੀ ਕੱਟ ਲਿਆ ਅਤੇ ਬੇਹੋਸ਼ ਹੋ ਕੇ ਡਿੱਗ ਪਿਆ।
ਪ੍ਰੇਮ ਸਬੰਧਾਂ ਦੇ ਵਿਵਾਦ ਦਾ ਸ਼ੱਕ, ਜਾਂਚ ਜਾਰੀ
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਅਤੇ ਐਂਬੂਲੈਂਸ ਮੌਕੇ ’ਤੇ ਪਹੁੰਚੇ। ਦੋਵਾਂ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਡਿੰਪਲ ਨੂੰ ਮ੍ਰਿਤ ਐਲਾਨ ਦਿੱਤਾ। ਹਰਜਿੰਦਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਦਾ ਇਲਾਜ ਜਾਰੀ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਵਿਚਾਲੇ ਪਹਿਲਾਂ ਪ੍ਰੇਮ ਸਬੰਧ ਸਨ, ਪਰ ਬਾਅਦ ਵਿੱਚ ਰਿਸ਼ਤਾ ਖਤਮ ਹੋ ਗਿਆ ਸੀ। ਇਸ ਕਾਰਨ ਮੁਲਜ਼ਮ ਨਾਰਾਜ਼ ਸੀ। ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਹਨ ਅਤੇ ਦਫ਼ਤਰ ਦੇ ਸੀਸੀਟੀਵੀ ਫੁਟੇਜ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਤਲ ਦੇ ਅਸਲ ਕਾਰਨਾਂ ਅਤੇ ਦੋਵਾਂ ਦੇ ਰਿਸ਼ਤੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਡਿੰਪਲ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ, ਜਿਸਨੂੰ ਉਹ ਪਟਿਆਲਾ ਲੈ ਗਏ ਹਨ।














