ਰੇਲਵੇ ਟਰੈਕ ‘ਤੇ ਦੌੜਦੀਆਂ ਦੋ ਯਾਤਰੀ ਟਰੇਨਾਂ… ਅਚਾਨਕ ਹੋਈ ਜ਼ੋਰਦਾਰ ਟੱਕਰ… ਅਤੇ ਫਿਰ ਹਰ ਪਾਸੇ ਮੱਚ ਗਈ ਚੀਕ-ਚਿਹਾੜਾ! ਮੌਤ ਅਤੇ ਤਬਾਹੀ ਦਾ ਇਹ ਖ਼ੌਫ਼ਨਾਕ ਮੰਜ਼ਰ ਮਿਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਯਾਤਰੀ ਰੇਲਗੱਡੀਆਂ ਦੀ ਭਿਆਨਕ ਟੱਕਰ ਨੇ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ 100 ਤੋਂ ਵੱਧ ਯਾਤਰੀ ਜ਼ਖ਼ਮੀ ਦੱਸੇ ਜਾ ਰਹੇ ਹਨ। ਦਰਅਸਲ, ਇਹ ਭਿਆਨਕ ਰੇਲ ਹਾਦਸਾ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ ਕਰੀਬ 76 ਕਿਲੋਮੀਟਰ ਦੂਰ ਗੀਜ਼ਾ ਸੂਬੇ ਦੇ ਅਲ-ਅਯਾਤ ਇਲਾਕੇ ਵਿੱਚ ਵਾਪਰਿਆ। ਹਾਦਸਾ ਐਤਵਾਰ ਨੂੰ ਉਸ ਸਮੇਂ ਹੋਇਆ, ਜਦੋਂ ਦੋ ਯਾਤਰੀ ਰੇਲਗੱਡੀਆਂ ਇੱਕ-ਦੂਜੀ ਨਾਲ ਟਕਰਾ ਗਈਆਂ। ਮਿਸਰ ਦੇ ਸਿਹਤ ਮੰਤਰਾਲੇ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਘਟਨਾ ਵਿੱਚ ਘੱਟੋ-ਘੱਟ 7 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖ਼ਰ ਇਹ ਹਾਦਸਾ ਕਿਵੇਂ ਵਾਪਰਿਆ?
ਮਿਸਰ ਰੇਲਵੇ ਅਥਾਰਟੀ ਮੁਤਾਬਕ, ਗੀਜ਼ਾ ਤੋਂ ਫੈਯੂਮ ਵੱਲ ਜਾ ਰਹੀ ਇੱਕ ਯਾਤਰੀ ਟਰੇਨ ਨੇ ਉਸੇ ਟਰੈਕ ‘ਤੇ ਖੜ੍ਹੀ ਦੂਜੀ ਟਰੇਨ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ। ਦੂਜੀ ਟਰੇਨ ਕਾਹਿਰਾ ਤੋਂ ਅਸਵਾਨ ਵੱਲ ਜਾ ਰਹੀ ਸੀ। ਟੱਕਰ ਇੰਨੀ ਭਿਆਨਕ ਸੀ ਕਿ ਟਰੇਨ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਫ਼ੜਾ-ਦਫ਼ੜੀ ਮਚ ਗਈ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ। ਰੇਲਵੇ ਅਤੇ ਐਮਰਜੈਂਸੀ ਟੀਮਾਂ ਵੱਲੋਂ ਕ੍ਰੇਨਾਂ ਦੀ ਮਦਦ ਨਾਲ ਨੁਕਸਾਨੇ ਗਏ ਡੱਬਿਆਂ ਨੂੰ ਹਟਾਇਆ ਜਾ ਰਿਹਾ ਹੈ, ਤਾਂ ਜੋ ਕਾਹਿਰਾ-ਅੱਪਰ ਇਜਿਪਟ ਰੇਲਵੇ ਲਾਈਨ ‘ਤੇ ਆਵਾਜਾਈ ਮੁੜ ਸ਼ੁਰੂ ਕੀਤੀ ਜਾ ਸਕੇ। ਇਸ ਦਰਦਨਾਕ ਹਾਦਸੇ ਤੋਂ ਬਾਅਦ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮਾਮਲੇ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉੱਧਰ ਸਰਕਾਰੀ ਵਕੀਲ ਦੇ ਦਫ਼ਤਰ ਵੱਲੋਂ ਵੀ ਹਾਦਸੇ ਦੇ ਤਕਨੀਕੀ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਰਾਣੇ ਰੇਲ ਹਾਦਸਿਆਂ ਦਾ ਵੀ ਰਿਹਾ ਹੈ ਇਤਿਹਾਸ:
ਜ਼ਿਕਰਯੋਗ ਹੈ ਕਿ ਮਿਸਰ ਦਾ ਰੇਲਵੇ ਨੈੱਟਵਰਕ ਅਫ਼ਰੀਕਾ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਨੈੱਟਵਰਕਾਂ ਵਿੱਚੋਂ ਇੱਕ ਹੈ। ਇੱਥੇ ਪਹਿਲਾਂ ਵੀ ਕਈ ਭਿਆਨਕ ਰੇਲ ਹਾਦਸੇ ਵਾਪਰ ਚੁੱਕੇ ਹਨ। ਸਾਲ 2002 ਵਿੱਚ ਇੱਕ ਓਵਰਲੋਡਿਡ ਯਾਤਰੀ ਟਰੇਨ ਵਿੱਚ ਅੱਗ ਲੱਗਣ ਕਾਰਨ 360 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਹ ਮਿਸਰ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਫਿਲਹਾਲ ਇਸ ਤਾਜ਼ਾ ਹਾਦਸੇ ਨੇ ਇੱਕ ਵਾਰ ਫਿਰ ਮਿਸਰ ਦੇ ਰੇਲਵੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਜਾਂਚ ਰਿਪੋਰਟ ‘ਤੇ ਟਿਕੀਆਂ ਹੋਈਆਂ ਹਨ ਕਿ ਆਖ਼ਰ ਦੋ ਟਰੇਨਾਂ ਦੀ ਇਹ ਭਿਆਨਕ ਟੱਕਰ ਕਿਸ ਦੀ ਲਾਪਰਵਾਹੀ ਕਾਰਨ ਹੋਈ।














