ਟੋਰਾਂਟੋ : ਗਰੇਟਰ ਟੋਰਾਂਟੋ ਏਰੀਆ ਵਿਚ ਜੁਲਾਈ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ ਅਤੇ ਵਿਕਰੀ ਲਈ ਸੂਚੀਬੱਧ ਹੋਏ ਮਕਾਨਾਂ ਦੀ ਗਿਣਤੀ 18.5 ਫੀ ਸਦੀ ਵਾਧੇ ਨਾਲ 16 ਹਜ਼ਾਰ ਤੋਂ ਟੱਪ ਗਈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਨੇ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ 5,391 ਮਕਾਨ ਵਿਕੇ ਜੋ ਪਿਛਲੇ ਸਾਲ ਦੇ ਮੁਕਾਬਲੇ 3.3 ਫੀ ਸਦੀ ਵੱਧ ਬਣਦੇ ਹਨ। ਜੂਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮਕਾਨਾਂ ਦੀ ਵਿਕਰੀ 1.7 ਫੀ ਸਦੀ ਘਟਦੀ ਨਜ਼ਰ ਆਉਂਦੀ ਹੈ।
ਵਿਕਣ ਲਈ ਸੂਚੀਬੱਧ ਮਕਾਨਾਂ ਦੀ ਗਿਣਤੀ 16 ਹਜ਼ਾਰ ਤੋਂ ਟੱਪੀ
ਕੀਮਤਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਕ ਮਕਾਨ ਦੀ ਔਸਤ ਕੀਮਤ ਮਾਮੂਲੀ ਗਿਰਾਵਟ ਨਾਲ 11 ਲੱਖ 6 ਹਜ਼ਾਰ ਡਾਲਰ ਦਰਜ ਕੀਤੀ ਗਈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦੀ ਪ੍ਰਧਾਨ ਜੈਨੀਫਰ ਪਿਅਰਸ ਦਾ ਕਹਿਣਾ ਸੀ ਕਿ ਪਿਛਲੇ ਸਾਲ ਦੇ ਮੁਕਾਬਲੇ ਵਿਕਰੀ ਵਿਚ ਵਾਧਾ ਉਤਸ਼ਾਹ ਵਧਾਉਣ ਦਾ ਕੰਮ ਕਰਦਾ ਹੈ ਅਤੇ ਵਿਆਜ ਦਰਾਂ ਹੋਰ ਹੇਠਾਂ ਦੇ ਸੰਕੇਤਾਂ ਨਾਲ ਲੋਕ ਰੀਅਲ ਅਸਟੇਟ ਬਾਜ਼ਾਰ ਵਿਚ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਭਵਿੱਖ ਵਿਚ ਵਿਆਜ ਦਰਾਂ ਹੋਰ ਹੇਠਾਂ ਜਾਣਗੀਆਂ ਅਤੇ ਲੋਕਾਂ ਵਿਚ ਜਾਇਦਾਦ ਦੀ ਖਰੀਦ ਪ੍ਰਤੀ ਦਿਲਚਸਪੀ ਵਧੇਗੀ। ਇਥੇ ਦਸਣਾ ਬਣਦਾ ਹੈ ਕਿ ਜੁਲਾਈ ਮਹੀਨੇ ਦੌਰਾਨ ਜੀ.ਟੀ.ਏ. ਵਿਚ ਇਕ ਡਿਟੈਚਡ ਮਕਾਨ ਦੀ ਔਸਤ ਕੀਮਤ 14 ਲੱਖ 26 ਹਜ਼ਾਰ ਡਾਲਰ ਦਰਜ ਕੀਤੀ ਗਈ ਜਦਕਿ ਕੌਂਡੋ ਦੀ ਔਸਤ ਕੀਮਤ 7 ਲੱਖ 18 ਹਜ਼ਾਰ ਡਾਲਰ ਰਹੀ।