ਕੈਨੇਡਾ ’ਚ ਇਸ ਵਾਰ ਬਰਫ਼ਬਾਰੀ ਭਾਵੇਂ ਕਾਫ਼ੀ ਦੇਰ ਨਾਲ ਹੋਈ ਹੈ ਪਰ ਬੀਸੀ ਦੇ ਲੋਅਰ ਮੇਨਲੈਂਡ ਇਲਾਕੇ ਵਿਚ ਇਸ ਦਾ ਜ਼ਿਆਦਾ ਅਸਰ ਵੇਖਣ ਨੂੰ ਮਿਲਿਆ ਹੈ। ਔਸਤਨ ਅੰਕੜਿਆਂ ਮੁਤਾਬਕ ਇਕ ਫ਼ੁਟ ਤੋਂ ਦੋ ਫ਼ੁਟ ਤਕ ਡਿੱਗੀ ਬਰਫ਼ ਕਾਰਨ ਜਨਜੀਵਨ ਪੂਰੀ ਤਰਾਂ ਠੱਪ ਹੋ ਕੇ ਰਹਿ ਗਿਆ ਹੈ। ਥਾਂ-ਥਾਂ ’ਤੇ ਛੋਟੀਆਂ ਕਾਰਾਂ ਬਰਫ਼ ਵਿਚ ਫਸਣ ਕਾਰਨ ਵੱਡੀ ਗਿਣਤੀ ਵਿਚ ਲੋਕ ਕੰਮਾਂ ’ਤੇ ਸਮੇਂ ਸਿਰ ਨਹੀਂ ਪਹੁੰਚ ਸਕੇ।
ਅਚਨਚੇਤ ਹੋਈ ਭਾਰੀ ਬਰਫ਼ਬਾਰੀ ਨੇ ਬਰਫ਼ ਤੋਂ ਬਚਣ ਲਈ ਮੌਕਾ ਹੀ ਨਹੀਂ ਦਿਤਾ ਕਿ ਸਥਾਨਕ ਸਰਕਾਰਾਂ ਸੜਕਾਂ ਉਪਰ ਲੂਣ ਅਤੇ ਬਰਫ਼ ਖੋਰਨ ਵਾਲੇ ਤਰਲ ਦਾ ਛਿੜਕਾਅ ਕਰ ਸਕਣ। ਵੱਡੀਆਂ ਅਤੇ ਜ਼ਿਆਦਾ ਆਵਾਜਾਈ ਵਾਲੀਆਂ ਸੜਕਾਂ ਤਾਂ ਸਥਾਨਕ ਸਰਕਾਰਾਂ ਵਲੋਂ ਸਾਫ਼ ਕਰ ਦਿਤੀਆਂ ਗਈਆਂ ਪਰ ਵਸੋਂ ਏਰੀਏ ਵਾਲੀਆਂ ਅਤੇ ਮੁਹੱਲਿਆਂ ’ਚ ਬੰਦ ਹੋਣ ਵਾਲੀਆਾਂ ਸੜਕਾਂ ਵਲ ਸਥਾਨਕ ਸਰਕਾਰਾਂ ਨੇ ਉਕਾ ਹੀ ਧਿਆਨ ਨਹੀਂ ਦਿਤਾ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਕੁੱਝ ਸਾਲਾਂ ’ਚ ਬਹੁਤ ਘੱਟ ਬਰਫ਼ਬਾਰੀ ਹੋਣ ਕਰ ਕੇ ਕਈ ਸ਼ਹਿਰਾਂ ਦੀਆਂ ਕਮੇਟੀਆਂ ਵਲੋਂ ਬਰਫ਼ ਹਟਾਉਣ ਵਾਲੀਆਂ ਗੱਡੀਆਂ ਵੇਚ ਦਿਤੀਆਂ ਗਈਆਂ ਜਿਸ ਕਰ ਕੇ ਸਰਕਾਰਾਂ ਨੂੰ ਇਸ ਦੀ ਵੱਡੀ ਨੌਬਤ ਆਈ ਹੈ ਜਿਸ ਕਰ ਕੇ ਸੜਕਾਂ ਸਾਫ਼ ਨਹੀਂ ਹੋ ਸਕੀਆਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰੀ ਕਮੇਟੀਆਂ ਜਾਂ ਤਾਂ ਸੜਕਾਂ ਸਾਫ਼ ਕਰਨ ਜਾਂ ਫਿਰ ਪ੍ਰਾਪਰਟੀ ਟੈਕਸ ਮਾਫ਼ ਕਰਨ।

ਲੋਅਰ ਮੇਨਲੈਂਡ ਦੀਆਂ ਸੜਕਾਂ ਭਾਰੀ ਬਰਫ਼ਬਾਰੀ ਨਾਲ ਪੂਰੀ ਤਰ੍ਹਾਂ ਢਕੀਆਂ ਪਈਆਂ ਹਨ ਅਤੇ ਗੱਡੀਆਂ ਸਿਰਫ਼ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਨ ਜਿਸ ਕਰ ਕੇ ਵੱਡੀ ਗਿਣਤੀ ਵਿਚ ਲੋਕ ਜਾਂ ਤਾਂ ਕੰਮਾਂ ’ਤੇ ਦੇਰ ਨਾਲ ਪਹੁੰਚੇ ਹਨ ਅਤੇ ਜਾਂ ਫਿਰ ਉਨ੍ਹਾਂ ਦੀਆਂ ਅਪਣੀ ਗੱਡੀਆਂ ਬਰਫ਼ਬਾਰੀ ’ਚ ਫਸਣ ਕਰ ਕੇ ਉਹ ਕੰਮਾਂ ‘ਤੇ ਹੀ ਨਹੀਂ ਜਾ ਸਕੇ।