ਇੰਡੋਨੇਸ਼ੀਆ ਦੇ ਜਾਵਾ ਟਾਪੂ ‘ਤੇ ਇੱਕ ਦਿਲ ਕੰਬਾਊ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਪਲ ਭਰ ਵਿੱਚ ਮਾਤਮ ਵਿੱਚ ਬਦਲ ਗਈਆਂ। ਇੱਕ ਖੁੱਲ੍ਹੇ ਪਿਕਅੱਪ ਟਰੱਕ ਵਿੱਚ ਸਵਾਰ ਹੋ ਕੇ ਘਰ ਪਰਤ ਰਹੇ ਲੋਕ ਜਿਵੇਂ ਹੀ ਹਾਈਵੇਅ ‘ਤੇ ਯੂ-ਟਰਨ ਲੈਣ ਲਈ ਰੁਕੇ, ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਪਿਕਅੱਪ ਉਛਲ ਕੇ ਉਲਟ ਦਿਸ਼ਾ ਵਾਲੀ ਲੇਨ ਵਿੱਚ ਜਾ ਡਿੱਗਿਆ ਅਤੇ ਸਾਹਮਣੇ ਤੋਂ ਆ ਰਹੇ ਦੂਜੇ ਭਾਰੀ ਟਰੱਕ ਦੀ ਲਪੇਟ ਵਿੱਚ ਆ ਗਿਆ।

ਦੋ ਟਰੱਕਾਂ ਦੇ ਵਿਚਕਾਰ ਇਸ ਵਾਹਨ ਦੇ ਪਰਖੱਚੇ ਉੱਡ ਗਏ ਅਤੇ ਸੜਕ ‘ਤੇ ਲਾਸ਼ਾਂ ਦੇ ਢੇਰ ਲੱਗ ਗਏ। ਇਸ ਰੂਹ ਕੰਬਾਊ ਹਾਦਸੇ ਵਿੱਚ 13 ਲੋਕਾਂ ਦੀ ਮੌਕੇ ‘ਤੇ ਹੀ ਤੜਫ-ਤੜਫ ਕੇ ਮੌਤ ਹੋ ਗਈ, ਜਦੋਂ ਕਿ 5 ਹੋਰ ਲੋਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।

ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇੱਕ ਵਿਅਸਤ ਹਾਈਵੇਅ ‘ਤੇ ਵਿਆਹ ਦੇ ਮਹਿਮਾਨਾਂ ਨੂੰ ਲੈ ਕੇ ਜਾ ਰਹੀ ਇੱਕ ਪਿਕਅੱਪ ਟਰੱਕ ਦੋ ਟਰੱਕਾਂ ਦੇ ਵਿਚਕਾਰ ਕੁਚਲੀ ਗਈ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਲੋਕ ਜ਼ਖਮੀ ਹੋ ਗਏ ਹਨ। ਇਹ ਲੋਕ ਗੁਆਂਢੀ ਪਾਰੇਨ ਪਿੰਡ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ।

ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਇੱਕ ਖੁੱਲ੍ਹੀ ਪਿਕਅੱਪ ਟਰੱਕ ਵਿੱਚ ਸਫ਼ਰ ਕਰ ਰਹੇ ਸਨ। ਹਾਈਵੇਅ ‘ਤੇ ਯੂ-ਟਰਨ ਲੈਣ ਲਈ ਜਦੋਂ ਗੱਡੀ ਹੌਲੀ ਹੋਈ ਅਤੇ ਮੀਡੀਅਨ ਓਪਨਿੰਗ ਦੇ ਕੋਲ ਰੁਕੀ, ਤਾਂ ਉਸੇ ਦਿਸ਼ਾ ਵਿੱਚ ਆ ਰਹੇ ਇੱਕ ਵਿੰਗ-ਬਾਕਸ ਟਰੱਕ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ “ਟੱਕਰ ਕਾਰਨ ਪਿਕਅੱਪ ਦੂਜੀ ਲੇਨ ਵਿੱਚ ਚਲੀ ਗਈ, ਜਿੱਥੇ ਉਸ ਨੂੰ ਇੱਕ ਹੋਰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਜ਼ਬਰਦਸਤ ਟੱਕਰ ਕਾਰਨ ਪਿਕਅੱਪ ਟਰੱਕ ਵਿੱਚ ਸਵਾਰ ਇੱਕ ਦਰਜਨ ਤੋਂ ਵੱਧ ਲੋਕ ਹਾਈਵੇਅ ‘ਤੇ ਜਾ ਡਿੱਗੇ।” ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚਲ ਰਿਹਾ ਹੈ। ਅਧਿਕਾਰੀ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।