ਟੋਰਾਂਟੋ : ਟੋਰਾਂਟੋ ਦੀ ਮਸਜਿਦ ਦੀਆਂ ਕੰਧਾਂ ’ਤੇ ਨਸਲੀ ਜਾਂ ਧਾਰਮਿਕ ਨਫ਼ਰਤ ਵਾਲੇ ਨਿਸ਼ਾਨ ਬਣਾਉਣ ਦਾ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਪੂਰਬੀ ਇਲਾਕੇ ਵਿਚ ਸਥਿਤ ਮਦੀਨਾ ਮਸਜਿਦ ਵਿਖੇ ਇਹ ਵਾਰਦਾਤ ਬੀਤੇ ਸ਼ੁੱਕਰਵਾਰ ਨੂੰ ਵਾਪਰੀ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਡੌਨਲਡਜ਼ ਐਵੇਨਿਊ ਦੇ ਪੂਰਬ ਵੱਲ 1015 ਡੈਨਫਰਥ ਐਵੇਨਿਊ ਵਿਖੇ ਮਸਜਿਦ ਦੀ ਬੇਅਦਬੀ ਕਰਨ ਵਾਲਾ ਸ਼ਖਸ ਤਕਰੀਬਨ 30 ਸਾਲ ਦਾ ਸੀ ਜਿਸ ਦੇ ਵਾਲ ਛੋਟੇ ਅਤੇ ਖੱਬੀ ਬਾਂਹ ’ਤੇ ਟੈਟੂ ਬਣਿਆ ਹੋਇਆ ਸੀ।
ਸ਼ੱਕੀ ਦੇ ਸਿਰ ’ਤੇ ਕਾਲੇ ਰੰਗ ਦੀ ਬੇਸਬਾਲ ਟੋਪੀ ਸੀ ਅਤੇ ਗਰੇਅ ਕਲਰ ਦਾ ਸਵੈਟਰ ਪਹਿਨਿਆ ਹੋਇਆ ਸੀ ਜਿਸ ਉਪਰ ‘ਲੋਨ ਵੁਲਫ’ ਲਿਖਿਆ ਸਾਫ ਨਜ਼ਰ ਆ ਰਿਹਾ ਸੀ। ਸ਼ੱਕੀ ਨੇ ਕਾਲੇ ਬੂਟ ਅਤੇ ਕਾਲੀ ਪੈਂਟ ਪਹਿਨੀ ਹੋਈ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ 416-808-5500 ’ਤੇ ਕਾਲ ਕਰੇ।