ਕਿਸਾਨ ਅੰਦੋਲਨ-2 ਕਾਰਨ ਦਿੱਲੀ-ਹਰਿਆਣਾ ਦੀ ਕੁੰਡਲੀ ਹੱਦ ਪਿਛਲੇ ੬ ਦਿਨਾਂ ਤੋਂ ਬੰਦ ਹੈ, ਜਿਸ ਕਾਰਨ ਢਾਬਿਆਂ ਅਤੇ ਉਦਯੋਗਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਸਨਅਤਕਾਰਾਂ, ਮਜ਼ਦੂਰਾਂ, ਪੈਟਰੋਲ ਪੰਪ ਸੰਚਾਲਕਾਂ ਅਤੇ ਢਾਬਾ ਮਾਲਕਾਂ ਤਕ ਹਰ ਕੋਈ ਕਿਸਾਨੀ ਮਸਲੇ ਦੇ ਹੱਲ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਕਿਸਾਨ ਅੰਦੋਲਨ-੧ ਵਾਂਗ ਕਿਸਾਨ ਅੰਦੋਲਨ-੨ ਵੀ ਲੰਬੇ ਸਮੇਂ ਤਕ ਜਾਰੀ ਰਿਹਾ ਤਾਂ ਉਨ੍ਹਾਂ ਦਾ ਰੁਜ਼ਗਾਰ ਖ਼ਤਮ ਹੋ ਜਾਵੇਗਾ। ਇਸ ਨਾਲ ਮੁਰਥਲ ਦੀ ਢਾਬਾ ਇੰਡਸਟਰੀ ਕਾਫੀ ਪ੍ਰਭਾਵਿਤ ਹੋਈ ਹੈ।
ਉਤਰ ਭਾਰਤ ਦੇ ਸੱਭ ਤੋਂ ਪ੍ਰਸਿੱਧ ਢਾਬਾ ਅਮਰੀਕ ਸੁਖਦੇਵ ਦੇ ਸੰਚਾਲਕ ਸਰਦਾਰ ਅਮਰੀਕ ਸਿੰਘ ਅਤੇ ਢਾਬਾ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਮੁਰਥਲ ਵਿਚ ੧੫੦ ਢਾਬੇ ਹਨ। ਹੁਣ ਦਿੱਲੀ ਤੋਂ ਆਉਣ ਅਤੇ ਜਾਣ ਵਾਲੇ ਰਾਸਤੇ ਬੰਦ ਹਨ। ਇਸ ਕਾਰਨ ਪ੍ਰਤੀਦਿਨ ੩ ਤੋਂ ੪ ਲੱਖ ਤਕ ਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਕੁੰਡਲੀ, ਰਾਈ ਅਤੇ ਨੱਥੂਪੁਰ-ਸਬੋਲੀ ਦੇ 5500 ਉਦਯੋਗ ਪ੍ਰਭਾਵਤ ਹੋ ਰਹੇ ਹਨ। ਫੈਕਟਰੀਆਂ ਵਿਚ ਕੱਚਾ ਮਾਲ ਖਤਮ ਹੋ ਗਿਆ ਹੈ, ਇਸ ਕਾਰਨ ਵਿਦੇਸ਼ਾਂ ਦੇ ਆਰਡਰ ਰੱਦ ਹੋ ਰਹੇ ਹਨ। ਹੁਣ ਤਕ ਉਯਗੋਦ ਕਰੀਬ ੨੫੦੦ ਕਰੋੜ ਦਾ ਨੁਕਸਾਨ ਭੁਗਤ ਚੁੱਕਿਆ ਹੈ।