ਬਰੈਂਪਟਨ : ਕੈਨੇਡਾ ਵਿਚ ਭੋਲੇ ਭਾਲੇ ਲੋਕਾਂ ਨੂੰ ਮਕਾਨਾਂ ਦੀ ਮੁਰੰਮਤ ਦੇ ਨਾਂ ’ਤੇ ਠੱਗਣ ਦੇ ਮਾਮਲੇ ਵਿਚ 42 ਸਾਲ ਦੇ ਹਰਦੀਸ਼ ਖਿੰਡਾ ਉਰਫ ਸਨੀ ਖਿੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਅਤੇ ਬਰੈਂਪਟਨ ਵਿਖੇ ਰੈਨੋਵੇਸ਼ਨ ਫਰੌਡ ਦੇ ਕਈ ਮਾਮਲੇ ਸਾਹਮਣੇ ਆਉਣ ਮਗਰੋਂ ਪੜਤਾਲ ਆਰੰਭੀ ਗਈ ਅਤੇ ਪਿਛਲੇ ਸਾਲ ਨਵੰਬਰ ਵਿਚ ਗ੍ਰਿਫ਼ਤਾਰੀ ਸੰਭਵ ਹੋ ਸਕੀ। ਪੁਲਿਸ ਮੁਤਾਬਕ ਰੈਨੋਵੇਸ਼ਨ ਫਰੌਡ ਦੇ ਮਾਮਲੇ ਸਤੰਬਰ 2021 ਤੋਂ ਫਰਵਰੀ 2023 ਦਰਮਿਆਨ ਸਾਹਮਣੇ ਆਏ। ਜਾਂਚਕਰਤਾਵਾਂ ਨੇ ਦੱਸਿਆ ਕਿ ਵੀਵਰ ਹੋਮ ਇੰਪਰੂਵਮੈਂਟ ਅਤੇ ਨੌਰਥ ਸਾਈਡ ਰੈਨੋਵੇਸ਼ਨਜ਼ ਵੱਲੋਂ ਲੋਕਾਂ ਤੋਂ ਪੰਜ ਠੇਕੇ ਲੈਂਦਿਆਂ 37 ਹਜ਼ਾਰ ਡਾਲਰ ਵਸੂਲ ਕੀਤੇ ਗਏ।
ਹਰ ਮਾਮਲੇ ਵਿਚ ਰਕਮ ਦੀ ਵਸੂਲੀ ਤਾਂ ਹੋਈ ਪਰ ਇਸ ਦੇ ਇਵਜ਼ ਵਿਚ ਕੋਈ ਕੰਮ ਕਰ ਕੇ ਨਹੀਂ ਦਿਤਾ। ਲੋਕਾਂ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਇਸ ਤੋਂ ਵੀ ਇਨਕਾਰ ਕਰ ਦਿਤਾ ਗਿਆ। 23 ਨਵੰਬਰ 2023 ਨੂੰ ਉਨਟਾਰੀਓ ਦੇ ਨੌਰਵਲ ਇਲਾਕੇ ਨਾਲ ਸਬੰਧਤ ਹਰਦੀਸ਼ ਖਿੰਡਾ ਵਿਰੁੱਧ ਧੋਖਾਧੜੀ ਦੇ ਦੋਸ਼ ਆਇਦ ਕੀਤੇ ਗਏ। ਹਰਦੀਸ਼ ਖਿੰਡਾ ਬੀਤੀ 18 ਦਸੰਬਰ ਨੂੰ ਅਦਾਲਤ ਵਿਚ ਪੇਸ਼ ਹੋਇਆ। ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਠੇਕੇਦਾਰਾਂ ਬਾਰੇ ਪੂਰੀ ਜਾਣਕਾਰੀ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਕੋਈ ਅਦਾਇਗੀ ਕੀਤੀ ਜਾਵੇ। ਇਸ ਤੋਂ ਇਲਾਵਾ ਆਨਲਾਈਨ ਰੀਵਿਊ ਲਾਜ਼ਮੀ ਤੌਰ ’ਤੇ ਚੈਕ ਕੀਤੇ ਜਾਣ। ਮਕਾਨਾਂ ਦੀ ਮੁਰੰਮਤ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਦੇ ਕਈ ਹੋਰ ਪੀੜਤ ਵੀ ਹੋ ਸਕਦੇ ਹਨ ਜਿਸ ਦੇ ਮੱਦੇਨਜ਼ਰ ਪੀਲ ਰੀਜਨਲ ਪੁਲਿਸ ਦੇ ਫਰੌਡ ਬਿਊਰੋ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੇ ਕਿਸੇ ਕੋਲ ਕੋਈ ਅਹਿਮ ਜਾਣਕਾਰੀ ਹੋਵੇ ਤਾਂ 905 453 2121 ਐਕਸਟੈਨਸ਼ਨ 3335 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ ਕਾਲ ਕੀਤੀ ਜਾਵੇ।