ਨਵੀ ਦਿੱਲੀ : NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ‘ਤੇ ਚੱਲ ਰਹੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦਾ ਅੱਜ 33ਵਾਂ ਦਿਨ ਹੈ। ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਤਾਂ ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕਿਹਾ ਹੈ ਕਿ ਹੁਣ ਉਹ ਸਰਕਾਰ ਨਾਲ ਗੱਲਬਾਤ ਕਰਨ ਨਹੀਂ ਜਾਣਗੇ। ਹੁਣ ਸਰਕਾਰ ਨੂੰ ਗੱਲਬਾਤ ਲਈ ਜੰਤਰ-ਮੰਤਰ ‘ਤੇ ਆਉਣਾ ਪਵੇਗਾ।

ਸੂਤਰਾਂ ਅਨੁਸਾਰ, ਕੇਂਦਰੀ ਮੰਤਰੀ ਜੇ.ਪੀ. ਨੱਡਾ ਅਤੇ ਡਾ. ਜਿਤੇਦਰ ਸਿੰਘ ਨੇ ਮੰਗਲਵਾਰ ਰਾਤ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਸੋਨਮ ਵਾਂਗਚੁਕ ਨਾਲ ਮੁਲਾਕਾਤ ਕੀਤੀ। ਵਾਂਗਚੁਕ ਨੂੰ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸਫ਼ਦਰਜੰਗ ਹਸਪਤਾਲ ਤੋਂ ਛੁੱਟੀ ਦੇ ਕੇ ਅੱਗੇ ਦੇ ਇਲਾਜ ਲਈ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਸੋਨਮ ਵਾਂਗਚੁਕ ਅਨਿਸ਼ਚਿਤ ਸਮੇਂ ਲਈ ਭੁੱਖ ਹੜਤਾਲ ‘ਤੇ ਹਨ। ਉਨ੍ਹਾਂ ਨੇ ਨੀਟ ਸਮੇਤ ਕਈ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਹੋਣ ‘ਤੇ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।

ਦੱਸ ਦੇਈਏ ਕਿ ਨੀਟ ਪੇਪਰ ਲੀਕ ‘ਤੇ ਸੜਕ ਤੋਂ ਲੈ ਕੇ ਸੰਸਦ ਤੱਕ ਸਿਆਸਤ ਗਰਮਾਈ ਹੋਈ ਹੈ। ਵਿਰੋਧੀ ਧਿਰ ਸਰਕਾਰ ਨੂੰ ਘੇਰਨ ਵਿੱਚ ਲੱਗੀ ਹੋਈ ਹੈ ਅਤੇ ਇਸ ਮਾਮਲੇ ‘ਤੇ ਬਹਿਸ ਦੀ ਮੰਗ ਕਰ ਰਹੀ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਉਹ ਸਦਨ ਵਿੱਚ ਚਰਚਾ ਲਈ ਤਿਆਰ ਹੈ, ਪਰ ਫਿਰ ਵੀ ਵਿਰੋਧੀ ਧਿਰ ਸੜਕਾਂ ‘ਤੇ ਹੰਗਾਮਾ ਕਰ ਰਹੀ ਹੈ।

ਜੰਤਰ-ਮੰਤਰ ਪਹੁੰਚ ਕੇ ਤਮਾਮ ਵਿਰੋਧੀ ਪਾਰਟੀਆਂ ਦੇ ਨੇਤਾ ਸਰਕਾਰ ਦੇ ਰਵੱਈਏ ‘ਤੇ ਸਵਾਲ ਚੁੱਕ ਰਹੇ ਹਨ। ਦੇਰ ਰਾਤ ਜੰਤਰ-ਮੰਤਰ ਪਹੁੰਚੇ ਊਧਵ ਠਾਕਰੇ ਨੇ ਵੀ ਸਰਕਾਰ ਨੂੰ ਘੇਰਿਆ ਅਤੇ ਦੋਸ਼ ਲਗਾਇਆ ਕਿ ਇਹ ਸਰਕਾਰ ਵਿਦਿਆਰਥੀਆਂ ਦਾ ਭਲਾ ਨਹੀਂ ਚਾਹੁੰਦੀ। ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਪ੍ਰਦਰਸ਼ਨ ਕਰਨਗੇ ਜਦੋਂ ਤੱਕ ਸਰਕਾਰ ਵਿਦਿਆਰਥੀਆਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ।