ਸਿਲਕੀਆਰਾ ਸੁਰੰਗ ਦੇ ਮਲਬਾ ਡਿੱਗਣ ਕਾਰਨ ਬੰਦ ਹਿੱਸੇ ਦੇ ਦੂਜੇ ਪਾਸੇ ਫਸੇ 41 ਮਜ਼ਦੂਰਾਂ ਨੂੰ ਸੁਖ-ਸਾਂਦ ਨਾਲ ਬਾਹਰ ਕਢ ਲਿਆ ਗਿਆ ਹੈ। 17 ਦਿਨਾਂ ਤਕ ਚੱਲੇ ਰਾਹਤ ਕਾਰਜਾਂ ਤੋਂ ਬਾਅਦ ਅੱਜ ਰਾਤ 7:05 ਵਜੇ ਸੁਰੰਗ ਦੇ ਬੰਦ ਹਿੱਸੇ ’ਚ ਫੈਲੇ ਮਲਬੇ ਦੀ ਖੁਦਾਈ ਕਰ ਕੇ 800 ਮਿਲੀਮੀਟਰ ਦੀ ਪਾਈਪ ਆਰ-ਪਾਰ ਪਹੁੰਚਾਈ ਗਈ ਅਤੇ ਇਕ-ਇਕ ਕਰ ਕੇ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ। ਸਾਰੇ ਮਜ਼ਦੂਰ ਸੁਰੱਖਿਅਤ ਹਨ। ਚਾਰਧਾਮ ਯਾਤਰਾ ਮਾਰਗ ’ਤੇ ਬਣ ਰਹੀ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿ ਗਿਆ ਸੀ, ਜਿਸ ਕਾਰਨ ਉਸ ’ਚ ਕੰਮ ਕਰ ਰਹੇ 41 ਮਜ਼ਦੂਰ ਫਸ ਗਏ ਸਨ।
ਮਜ਼ਦੂਰਾਂ ਨੂੰ ਕੱਢੇ ਜਾਣ ਦੌਰਾਨ ਮੁੱਖ ਮੰਤਰੀ ਪੁਸ਼ਕਰ ਧਾਮੀ ਅਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ.ਕੇ. ਸਿੰਘ ਵੀ ਮੌਜੂਦ ਰਹੇ। ਬਾਹਰ ਨਿਕਲੇ ਮਜ਼ਦੂਰਾਂ ਨੂੰ ਮੁੱਖ ਮੰਤਰੀ ਨੇ ਅਪਣੇ ਗਲ ਨਾਲ ਲਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਬਚਾਅ ਕਾਰਜਾਂ ’ਚ ਲੱਗੇ ਲੋਕਾਂ ਦੀ ਹਿੰਮਤ ਦੀ ਵੀ ਉਨ੍ਹਾਂ ਭਰਪੂਰ ਤਾਰੀਫ਼ ਕੀਤੀ। ਸਾਰੇ ਮਜ਼ਦੂਰਾਂ ਨੂੰ ਸ਼ੁਰੂਆਤੀ ਸਿਹਤ ਜਾਂਚ ਸੁਰੰਗ ’ਚ ਬਣੇ ਅਸਥਾਈ ਮੈਡੀਕਲ ਕੈਂਪ ’ਚ ਕੀਤੀ ਗਈ।
ਇਸ ਤੋਂ ਪਹਿਲਾਂ ਉਤਰਾਖੰਡ ਦੇ ਸੂਚਨਾ ਵਿਭਾਗ ਦੇ ਡਾਇਰੈਕਟਰ ਜਨਰਲ ਬੰਸ਼ੀਧਰ ਤਿਵਾੜੀ ਨੇ ਦੁਪਹਿਰ 1:30 ਵਜੇ ਤੋਂ ਬਾਅਦ ਪੱਤਰਕਾਰਾਂ ਨੂੰ ਦਸਿਆ ਕਿ ਡਰਿਲਿੰਗ ਪੂਰੀ ਹੋ ਗਈ ਹੈ। ਇਹ ਜਾਣਕਾਰੀ ਮਿਲਣ ਤੋਂ ਲਗਭਗ ਅੱਧੇ ਘੰਟੇ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਸਿਆ ਕਿ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਮਲਬੇ ’ਚ ਪਾਈਪਾਂ ਪਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ’ਤੇ ਮੁੱਖ ਮੰਤਰੀ ਧਾਮੀ ਨੇ ਟਵੀਟ ਕੀਤਾ, ‘‘ਬਾਬਾ ਬੋਖਨਾਗ ਜੀ ਦੀ ਅਪਾਰ ਕਿਰਪਾ, ਕਰੋੜਾਂ ਦੇਸ਼ ਵਾਸੀਆਂ ਦੀਆਂ ਅਰਦਾਸਾਂ ਅਤੇ ਬਚਾਅ ਕਾਰਜ ’ਚ ਲੱਗੀਆਂ ਸਾਰੀਆਂ ਬਚਾਅ ਟੀਮਾਂ ਦੇ ਅਣਥੱਕ ਕੰਮ ਸਦਕਾ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਸੁਰੰਗ ’ਚ ਪਾਈਪਾਂ ਪਾਉਣ ਦਾ ਕੰਮ ਪੂਰਾ ਹੋ ਗਿਆ ਹੈ। ਜਲਦੀ ਹੀ ਸਾਰੇ ਕਾਮਿਆਂ ਨੂੰ ਬਾਹਰ ਕੱਢ ਲਿਆ ਜਾਵੇਗਾ।’’
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਐਨ.ਡੀ.ਆਰ.ਐਫ. ਦੇ ਜਵਾਨ ਮਲਬੇ ਦੇ ਅੰਦਰ ਪਾਈਆਂ ਗਈਆਂ ਸਟੀਲ ਪਾਈਪਾਂ ਦੇ ਅੰਦਰ ਜਾਣਗੇ ਅਤੇ ਮਜ਼ਦੂਰਾਂ ਨੂੰ ਇਕ-ਇਕ ਕਰ ਕੇ ਬਾਹਰ ਕੱਢਣਗੇ। ਸੁਰੰਗ ਦੇ ਅੰਦਰ ਅੱਠ ਬਿਸਤਰਿਆਂ ਦਾ ਅਸਥਾਈ ਸਿਹਤ ਕੇਂਦਰ ਸਥਾਪਤ ਕੀਤਾ ਗਿਆ ਹੈ ਤਾਂ ਜੋ ਸੁਰੰਗ ਅੰਦਰ ਫਸੇ ਮਜ਼ਦੂਰਾਂ ਨੂੰ ਬਾਹਰ ਆਉਣ ’ਤੇ ਤੁਰਤ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਜਾ ਸਕੇ। ਹੁਣ ਤਕ ਕੀਤੇ ਗਏ ਅਭਿਆਸ ਅਨੁਸਾਰ, ਹਰ ਵਰਕਰ ਨੂੰ ਘੱਟ ਉਚਾਈ ਵਾਲੇ ਪਹੀਏ ਵਾਲੇ ਸਟਰੈਚਰ ’ਤੇ ਰਖਿਆ ਗਿਆ ਅਤੇ ਬਚਾਅ ਕਰਮਚਾਰੀਆਂ ਵਲੋਂ ਰੱਸੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕਢਿਆ ਗਿਆ।
ਬਚਾਅ ਕਾਰਜ ਪੂਰਾ ਹੋਣ ਦੀ ਸੂਚਨਾ ਮਿਲਣ ਤੋਂ ਕਈ ਘੰਟੇ ਪਹਿਲਾਂ ਸੁਰੰਗ ਦੇ ਆਲੇ-ਦੁਆਲੇ ਦੀ ਗਤੀਵਿਧੀ ਤੇਜ਼ ਹੋ ਗਈ। ਮਜ਼ਦੂਰਾਂ ਨੂੰ ਬਾਹਰ ਆਉਂਦੇ ਹੀ ਹਸਪਤਾਲ ਲਿਜਾਣ ਲਈ ਐਂਬੂਲੈਂਸਾਂ ਸੁਰੰਗ ਦੇ ਬਾਹਰ ਖੜ੍ਹੀਆਂ ਸਨ। ਵਰਕਰਾਂ ਨੂੰ ਨੇੜਲੇ ਚਿਨਿਆਲੀਸੌਰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ ਜਿੱਥੇ 41 ਬਿਸਤਰਿਆਂ ਦਾ ਵਖਰਾ ਵਾਰਡ ਸਥਾਪਤ ਕੀਤਾ ਗਿਆ ਹੈ। ਐਂਬੂਲੈਂਸ ਨੂੰ ਜਲਦੀ ਤੋਂ ਜਲਦੀ ਚਿਨਿਆਲੀਸੌਰ ਲਿਆਉਣ ਲਈ ਪਹਿਲਾਂ ਤੋਂ ਬਣੇ ਕੱਚੇ ਰਸਤੇ ਦੀ ਮੁਰੰਮਤ ਕੀਤੀ ਗਈ। ਸਟਰੈਚਰ ਨੂੰ ਸੁਰੰਗ ਦੇ ਅੰਦਰ ਲਿਜਾਇਆ ਗਿਆ ਹੈ।